ਵਿਧਾਇਕ ਭੋਲਾ ਵੱਲੋਂ ਹਲਕਾ ਪੂਰਬੀ ਦੇ ਸਰਕਾਰੀ ਸਕੂਲਾਂ ਦਾ ਵਿਸ਼ੇਸ਼ ਦੌਰਾ

– ਸਕੂਲਾਂ ‘ਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ, ਤੁਰੰਤ ਹੱਲ ਕਰਨ ਦਾ ਵੀ ਦਿੱਤਾ ਭਰੋਸਾ
– ਜੋਧੇਵਾਲ ਬਸਤੀ ਵਿਖੇ ਸਕੂਲ ‘ਚ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ
– ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ)

ਲੁਧਿਆਣਾ, 30 ਮਈ (000) – ਅੱਜ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਹਲਕੇ ‘ਚ ਪੈਂਦੇ ਸਰਕਾਰੀ ਸਕੂਲਾਂ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ ਅਤੇ ਸਕੂਲਾਂ ‘ਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਗਿਆ।

ਵਿਧਾਇਕ ਭੋਲਾ ਨੇ ਦੱਸਿਆ ਕਿ ਉਨ੍ਹਾਂ ਹਲਕਾ ਲੁਧਿਆਣਾ ਪੂਰਬੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਿਸ ਵਿੱਚ ਬਸਤੀ ਜੋਧੇਵਾਲ, ਸੁਭਾਸ਼ ਨਗਰ, ਸੈਕਟਰ 39 ਅਰਬਨ ਅਸਟੇਟ ਫੇਜ-1 ਤੋਂ ਇਲਾਵਾ ਹੋਰ ਸਕੂਲ ਵੀ ਸ਼ਾਮਲ ਹਨ।

ਉਨ੍ਹਾਂ ਸੈਕਟਰ 39 ਵਿਖੇ ਇੱਕ ਸੋਲਰ ਪਲਾਂਟ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਜੋਧੇਵਾਲ ਸਕੂਲ ਵਿਖੇ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਅਤੇ ਸਕੂਲ ਦੇ ਨਵੀਨੀਕਰਣ ਦਾ ਵੀ ਕੰਮ ਸੁਰੂ ਕਰਵਾਇਆ।

ਵਿਧਾਇਕ ਭੋਲਾ ਨੇ ਅੱਗੇ ਦੱਸਿਆ ਕਿ ਸਕੂਲਾਂ ਦੇ ਨਵੀਨੀਕਰਣ ਸਬੰਧੀ ਜਿਹੜੇ ਕੰਮ ਚੱਲ ਰਹੇ ਹਨ ਉਹ ਨਿਰਵਿਘਨ ਨੇਪਰੇ ਚੜ੍ਹਨਗੇ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਂਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬੇਹੱਦ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਕਿਹਾ ਜਾਂਦਾ ਹੈ ਕਿ ਵਿੱਦਿਆ ਹੀ ਦੌਲਤ ਹੈ ਜੋ ਹਰ ਦੇਸ਼ ਦੇ ਭਵਿੱਖ ਦਾ ਫੈਸਲਾ ਕਰਦੀ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਦੇ ਕੰਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ‘ਤੇ ਚੱਲ ਕੇ ਹੀ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਤਾਂਕਿ ਉਨ੍ਹਾਂ ਦੇ ਹਲਕੇ ਦੇ ਲੋਕ ਹੋਰ ਅਮੀਰ ਬਣ ਸਕਣ।

ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਦਾ ਕੋਈ ਮੇਲ ਨਹੀਂ ਹੈ ਕਿਉਂਕਿ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਵਧੀਆ ਤਰੀਕਿਆਂ ਨਾਲ ਤਿਆਰ ਕਰਕੇ ਉਨ੍ਹਾਂ ਨੂੰ ਜਾਗਰੂਕ ਅਤੇ ਚੰਗੇ ਨਾਗਰਿਕ ਬਣਾਉਂਦੀ ਹੈ। ਸਾਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਹੈ।

 

Spread the love