ਰੂਪਨਗਰ, 7 ਨਵੰਬਰ 2021
ਆਮ ਲੋਕਾਂ ਨੂੰ ਵੋਟਾਂ ਬਣਾਉਣ ਅਤੇ ਸੋਧ ਕਰਵਾਉਣ ਸਬੰਧੀ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਜ ਵੋਟਰ ਸੂਚੀ ਸਾਲ-2022 ਦੀ ਸੁਧਾਈ ਲਈ ਲਗਾਏ ਗਏ ਸਪੈਸ਼ਲ ਵੋਟਰ ਰਜਿਸਟਰੇਸ਼ਨ ਕੈਂਪਾਂ ਦੀ ਚੈਕਿੰਗ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਬੂਥ ਨੰਬਰ 151, 152, 153 ਤੇ 154, ਸਰਕਾਰੀ ਪ੍ਰਾਇਮਰੀ ਸਕੂਲ ਸਦਾਬਰਤ ਵਿਖੇ ਬੂਥ ਨੰਬਰ 183, 184 ਤੇ 185 ਅਤੇ ਬੂਥ ਨੰਬਰ 181 ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਵੋਟਾਂ ਸਬੰਧੀ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਪਵੇ ਅਤੇ ਵੋਟਾਂ ਦੇ ਸਬੰਧ ਵਿਚ ਚਲਾਏ ਗਏ ਟੋਲ ਫਰੀ ਨੰਬਰ 1950 ਦਾ ਪ੍ਰਚਾਰ ਕਰਨ ਲਈ ਵੀ ਕਿਹਾ।
ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਫੋਟੋ ਰਵੀਜ਼ਨ ਸ਼ੈਡਿਊਲ ਦੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਫੋਟੋ ਸੂਚੀ ਸੁਧਾਈ ਦੇ ਕੰਮ ਲਈ ਸਪੈਸ਼ਲ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਵੋਟ ਸ਼ਿਫਟ ਤੇ ਕੱਟਣ, ਵੋਟ ਕਾਰਡ ਸੋਧ ਕਰਵਾਉਣ ਲਈ ਸਾਰੇ ਪੋਲਿੰਗ ਬੂਥਾਂ ’ਤੇ ਆਯੋਜਿਤ ਕੈਂਪ ਵਿਚ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨਾਗਰਿਕਾਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਦੀ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ, ਉਹ ਆਪਣੀ ਵੋਟ ਤੁਰੰਤ ਬਣਵਾਉਣ ਅਤੇ ਆਪਣੀ ਵੋਟ ਬਣਾਉਣ ਲਈ ਆਪਣੇ ਖੇਤਰ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਜਾਂ ਪੋਲਿੰਗ ਬੂਥ ਤੇ ਸਬੰਧਤ ਬੀ ਐਲ ਓ ਨੂੰ ਫਾਰਮ ਨੰ. 6 ਭਰ ਕੇ ਜਮਾ ਕਰਵਾਉਣ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ ਫਾਰਮ ਨੂੰ 6 ਏ, ਵੋਟ ਕੱਟਣ ਲਈ ਫਾਰਮ ਨੰ. 7, ਵੋਟ ਦੇ ਇੰਦਰਾਜਾਂ ਵਿੱਚ ਸੋਧ ਕਰਨ ਲਈ ਫਾਰਮ ਨੰ. 8 ਅਤੇ ਇੱਕੋ ਚੋਣ ਹਲਕੇ ਵਿੱਚ ਆਪਣੀ ਵੋਟ ਦੀ ਬਦਲੀ ਲਈ ਫਾਰਮ 8-ਏ ਭਰਿਆ ਜਾ ਸਕਦਾ ਹੈ।