ਕੋਰਟ ਕੇਸਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ
ਡਿਪਟੀ ਕਮਿਸ਼ਨਰ ਨੇ ਮਾਲ ਰਿਕਾਰਡ ਦੀ ਅਪਡੇਸ਼ਨ, ਈ ਕੋਰਟ ਮੈਨੇਜਮੈਂਟ ਸਿਸਟਮ ਅਤੇ ਮਾਲ ਅਦਾਲਤਾਂ ’ਚ ਬਕਾਇਆ ਕੇਸਾਂ ਦਾ ਲਿਆ ਜਾਇਜ਼ਾ
ਜਲੰਧਰ, 24 ਅਗਸਤ 2021
ਇੰਡੀਅਨ ਸਟੈਂਪ ਐਕਟ ਦੀ ਧਾਰਾ 48 ਤਹਿਤ ਡਿਫਾਲਟਰਾਂ ਵੱਲ 19.93 ਕਰੋੜ ਰੁਪਏ ਦੇ ਬਕਾਏ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਮਾਲ ਅਫ਼ਸਰਾਂ ਨੂੰ ਜਾਣ-ਬੁੱਝ ਕੇ ਕਰਜ਼ੇ ਦੀ ਅਦਾਇਗੀ ਨਾ ਕਰਨ ਵਾਲਿਆਂ ਪਾਸੋਂ ਰਿਕਵਰੀ ਨੂੰ ਤੇਜ਼ ਕਰਨ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਇਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਜਾਂ ਅਣਗਹਿਲੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਰਿਕਵਰੀ, ਮਾਲ ਰਿਕਾਰਡ, ਈ ਕੋਰਟ ਮੈਨੇਜਮੈਂਟ ਸਿਸਟਮ ਅਤੇ ਸਮੇਂ ਸਿਰ ਇੰਤਕਾਲਾਂ ਦੇ ਅੰਦਰਾਜ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਥੋਰੀ ਨੇ ਮਾਲ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਰਿਕਵਰੀ ਨੂੰ ਸਰਵਓਚ ਪਹਿਲ ਦੇਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟਾਂ (ਐਸ.ਡੀ.ਐਮਜ਼) ਨੂੰ ਕਿਹਾ ਕਿ ਉਹ ਰਿਕਵਰੀ ਸਬੰਧੀ ਸਮੁੱਚੀ ਪ੍ਰਕਿਰਿਆ ਦੀ ਨਿੱਜੀ ਨਿਗਰਾਨੀ ਕਰਨ ਤਾਂ ਜੋ ਰਿਕਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ ਜਾਣ-ਬੁੱਝ ਕੇ ਕਰਜ਼ੇ ਦੀ ਅਦਾਇਗੀ ਨਾ ਕਰਨ ਵਾਲਿਆਂ ਤੋਂ ਰਿਕਵਰੀ ਨੂੰ ਜਲਦ ਤੋਂ ਜਲਦ ਯਕੀਨੀ ਬਣਾਉਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਈ-ਕੋਰਟ ਮੈਨੇਜਮੇਂਟ ਸਿਸਟਮ ਅਤੇ ਮਾਲ ਅਦਾਲਤਾਂ ਵਿੱਚ ਪਾਏ ਬਕਾਇਆ ਕੇਸਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਅਦਾਲਤਾਂ ਵਿੱਚ ਬਕਾਇਆ ਕੇਸਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਦਫ਼ਤਰ ਵਿਖੇ ਰਿਪੋਰਟ ਸੌਂਪਣ ਦੀਆਂ ਹਦਾਇਤਾਂ ਕੀਤੀਆਂ । ਉਨ੍ਹਾਂ ਨਿੱਜੀ ਤੌਰ ’ਤੇ ਮਾਲ ਅਦਾਲਤਾਂ ਵਿੱਚ ਬਕਾਇਆ ਪਏ ਪੁਰਾਣੇ ਕੇਸਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਨਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਉਪ ਮੰਡਲ ਮੈਜਿਸਟਰੇਟ ਹਰਪ੍ਰੀਤ ਅਟਵਾਲ, ਬਲਬੀਰ ਰਾਜ ਸਿੰਘ, ਬਲ ਵਿਸ਼ਵਾਸ, ਪੂਨਮ ਸਿੰਘ ਅਤੇ ਹੋਰ ਵੀ ਮੌਜੂਦ ਸਨ।