ਰੂਪਨਗਰ, 10 ਫਰਵਰੀ 2022
ਕੋਵਿਡ ਟੀਕਾਕਰਣ ਮੋਨੀਟਰਿੰਗ ਅਫਸਰ ਸ਼੍ਰੀ ਪਰਵੀਨ ਕੁਮਾਰ ਥਿੰਦ ਵਲੋਂ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਗਏ ਟੀਚਿਆਂ ਦੀ ਸਮੀਖਿਆ ਕੀਤੀ ਗਈ।
ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੀ ਪਰਵੀਨ ਕੁਮਾਰ ਥਿੰਦ ਨੇ ਕਿਹਾ ਕਿ ਜਿਸ ਵੀ ਇਲਾਕੇ ਵਿੱਚ ਕੋਵਿਡ ਟੀਕਾਕਰਣ ਦੇ ਟੀਚੇ ਹਾਸਿਲ ਨਹੀਂ ਕੀਤੇ ਗਏ ਹਨ ਉਨ੍ਹਾਂ ਥਾਵਾਂ ਉੱਤੇ ਵਿਸ਼ੇਸ਼ ਸਰਵੇਖਣ ਕਰਵਾਏ ਜਾਣ ਅਤੇ ਮੈਡੀਕਲ ਅਫਸਰਾਂ ਦੀ ਡਿਊਟੀ ਲਗਾ ਕੇ ਜਲਦ ਟੀਕਾਕਰਣ ਮੁਹਿੰਮ ਨੂੰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀਆਂ, ਬੀਮਾ ਅਤੇ ਸਿੱਖਿਆ ਸੰਸਥਾਵਾਂ ਤੋਂ ਟੀਕਾਕਰਣ ਸਬੰਧੀ ਡਾਟਾ ਲਿਆ ਜਾਵੇ ਅਤੇ ਉਸ ਦੀ ਸਮੀਖਿਆ ਕੀਤੀ ਜਾਵੇ। ਉਨ੍ਹਾਂ ਵਲੋਂ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਕੋਵਿਡ ਟੀਕਾਕਰਣ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਉਣ ਦੀ ਵੀ ਹਦਾਇਤ ਜਾਰੀ ਕੀਤੀ ਗਈ।
ਸ਼੍ਰੀ ਪਰਵੀਨ ਕੁਮਾਰ ਥਿੰਦ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਦੇ ਜਿਨ੍ਹਾਂ ਕੇਂਦਰਾਂ ਵਿੱਚ ਏ.ਐਨ.ਐਮਜ਼. ਅਤੇ ਹੋਰ ਸਟਾਫ ਦੀ ਕਮੀ ਹੈ ਤਾਂ ਇਸ ਮਾਮਲੇ ਵਿੱਚ ਤਰਕਸੰਗਤ ਦੇ ਆਧਾਰ ਉੱਤੇ ਤੁਰੰਤ ਸਟਾਫ ਦੀ ਤੈਨਾਤੀ ਕਰ ਕੇ ਕੋਵਿਡ ਟੀਕਾਕਰਣ ਦੇ ਮਿੱਥੇ ਟੀਚੇ ਅਨੁਸਾਰ ਇਸ ਮੁਹਿੰਮ ਨੂੰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਹੈ ਕਿ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਵਿਡ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਸਬੰਧੀ ਅਤੇ ਨਿਰਧਾਰਿਤ ਟੀਚਿਆਂ ਨੂੰ ਹਾਸਿਲ ਕਰਨ ਲਈ ਚੁੱਕੇ ਕਦਮਾਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਸਟੇਟ ਕੋਵਿਡ-19 ਪ੍ਰੋਗਰਾਮ ਅਫਸਰ ਰਾਜੇਸ਼ ਭਾਸਕਰ, ਸਟੇਟ ਟੀਕਾਕਰਣ ਅਫਸਰ ਡਾ. ਬਲਵਿੰਦਰ ਕੌਰ, ਯੂ.ਐਨ.ਡੀ.ਪੀ. ਤੋਂ ਡਾ. ਮਨੀਸ਼ਾ ਅਤੇ ਡਾ. ਸ਼ੁਭ ਆਸਥਾ, ਸਿਵਲ ਸਰਜਨ ਡਾ. ਪਰਮਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ, ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਕੁਲਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।