ਅੰਗਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸਰਕਾਰਾਂ ਨੇ ਸੰਸਦ ਵਿੱਚ ਲਾਏ, ਪਰ ਸ਼ਹੀਦ ਹੋਣ ਵਾਲੇ ਸੂਰਮਿਆਂ ਨੂੰ ਵਿਸਾਰਿਆ: ਭਗਵੰਤ ਮਾਨ

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੇ ਪੰਜਾਬ ਦੀ ਅਣਖ਼ ਅਤੇ ਇੱਜਤ ਨੂੰ ਦੁਨੀਆਂ ਵਿੱਚ ਜ਼ਿੰਦਾ ਰੱਖਿਆ: ਹਰਪਾਲ ਸਿੰਘ ਚੀਮਾ
ਕਾਂਗਰਸੀ ਆਗੂਆਂ ਦੇ ਪੁੱਤ-ਪੋਤਰਿਆਂ ਨੂੰ ਨੌਕਰੀ ਵਾਲੀ ਨੀਤੀ ਤਹਿਤ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਮਿਲੇ ਸਰਕਾਰੀ ਨੌਕਰੀ : ਅਮਨ ਅਰੋੜਾ
ਸੁਨਾਮ (ਊਧਮ ਸਿੰਘ ਵਾਲਾ), 31 ਜੁਲਾਈ 2021
ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ‘ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸੀਨੀਅਰ ਆਗੂਆਂ ਪੰਜਾਬ ਪ੍ਰਧਾਨ ਤੇ ਸੰਸਦ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਵਿਧਾਇਕ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ‘ਤੇ ਸ਼ਨੀਵਾਰ ਨੂੰ ਸੁਨਾਮ (ਊਧਮ ਸਿੰਘ ਵਾਲਾ) ਵਿਖੇ ਸ਼ਹੀਦ ਦੇ ਜੱਦੀ ਘਰ ਵਿੱਚ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਭਗਵੰਤ ਮਾਨ ਨੇ ਕਿਹਾ, ‘ਦੇਸ਼ ਦੀਆਂ ਸਰਕਾਰਾਂ ਨੇ ਅੰਗਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸੰਸਦ ਵਿੱਚ ਲਾਏ ਹੋਏ ਹਨ, ਪਰ ਆਜ਼ਾਦੀ ਸੰਘਰਸ਼ ਲਈ ਸ਼ਹੀਦ ਹੋਣ ਵਾਲੇ ਸੂਰਮਿਆਂ ਨੂੰ ਵਿਸਾਰਿਆ ਹੋਇਆ ਹੈ।’ ਇਸਦੇ ਨਾਲ ਹੀ ਭਗਵੰਤ ਮਾਨ ਨੇ ਆਪਣੇ ਐਮਪੀ ਲੈਡ ਫੰਡ ਵਿਚੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਨੂੰ ਸ਼ਵ-ਯਾਤਰਾ ਵਾਹਨ ਦੇਣ ਦਾ ਐਲਾਨ ਕੀਤਾ ਹੈ।
ਸੰਸਦ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ, ‘ਅਸੀਂ ਇੱਥੇ ਸ਼ਹੀਦ ਅੱਗੇ ਨਤਮਸਤ ਹੋਣ ਆਏ ਹਾਂ, ਜਿਨਾਂ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤਾਂ ਹੀ ਸਾਡੇ ਗਲ਼ਾਂ ਵਿੱਚ ਪਿਆਰ ਸਤਿਕਾਰ ਨਾਲ ਹਾਰ ਪੈ ਰਹੇ ਹਨ।’ ਉਨਾਂ ਕਿਹਾ ਸਮੇਂ ਦੀਆਂ ਸਰਕਾਰਾਂ ਨੇ ਆਜ਼ਾਦੀ ਦੇ ਪਰਵਾਨਿਆਂ ਨੂੰ ਅਣਗੌਲੇ ਕੀਤਾ ਹੈ, ਪਰ ਸ਼ਹੀਦਾਂ ਦੇ ਦਿਵਾਨੇ ਲੋਕ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਪਹੁੰਚ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਦੁਨੀਆਂ ਅੱਗੇ ਰੱਖ ਰਹੇ ਨੇ। ਮਾਨ ਨੇ ਕਿਹਾ ਕਿ ਸੁਨਾਮ ਉਨਾਂ ਦੀ ਜਨਮ ਅਤੇ ਕਰਮ ਭੂਮੀ ਹੈ ਅਤੇ ਉਹ ਸ਼ਹੀਦ ਊਧਮ ਸਿੰਘ ਨਾਲ ਸੰਬੰਧਤ ਯਾਦਗਾਰ ਨੂੰ ਹੋਰ ਵਿਕਸਤ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੇ ਪੰਜਾਬ ਦੀ ਅਣਖ਼ ਅਤੇ ਇੱਜਤ ਨੂੰ ਦੁਨੀਆਂ ਵਿੱਚ ਜ਼ਿੰਦਾ ਰੱਖਿਆ ਹੈ।ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਿਸ ਨੀਤੀ ਪਾਲਿਸੀ ਅਧੀਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕਾਂਗਰਸੀ ਵਿਧਾਇਕ ਫਤੇਹਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੀ ਮਿਹਰਬਾਨੀ ਕੀਤੀ ਜਾ ਰਹੀ ਸੀ, ਉਸੇ ਨੀਤੀ ਅਧੀਨ ਸ਼ਹੀਦ ਊਧਮ ਸਿੰਘ ਦੇ ਸਾਰੇ ਯੋਗ ਵਾਰਿਸਾਂ ਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਇਸ ਤੋਂ ਵੱਡੀ ਤ੍ਰਾਸ਼ਦੀ ਕੀ ਹੋ ਸਕਦੀ ਹੈ ਕਿ ਸਿਰਤਾਜ ਸ਼ਹੀਦਾਂ ਦੇ ਪਰਿਵਾਰ ਦਰ ਦਰ ਠੋਕਰਾਂ ਖਾ ਰਹੇ ਹਨ, ਪ੍ਰੰਤੂ ਸੱਤਾ ਦਾ ਸੁੱਖ ਭੋਗ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਅਸੀਂ ਸ਼ਹੀਦ ਊਧਮ ਸਿੰਘ ਦੇ ਪ੍ਰਵਾਨੇ ਬਣ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹਾਂ ਅਤੇ ਪ੍ਰਣ ਕਰਦੇ ਹਾਂ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅਤੇ ਦੇਸ਼ ਸਿਰਜਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ‘ਆਪ’ ਆਗੂਆਂ ਨੇ ਵਿਜ਼ਟਰ ਬੁੱਕ ‘ਤੇ ਸ਼ਹੀਦ ਊਧਮ ਸਿੰਘ ਬਾਰੇ ਆਪਣੇ ਖਿਆਲ਼ ਦਰਜ ਕੀਤੇ ਅਤੇ ਪ੍ਰਬੰਧਕਾਂ ਵੱਲੋਂ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ। ਨਤਮਸਤਕ ਹੋਣ ਵਾਲਿਆਂ ‘ਚ ਸਥਾਨਕ ‘ਆਪ’ ਆਗੂ ਅਤੇ ਵੱਡੀ ਗਿਣਤੀ ‘ਚ ਵਲੰਟੀਅਰ ਵੀ ਹਾਜ਼ਰ ਸਨ।

Spread the love