ਫਾਜ਼ਿਲਕਾ ਜਿਲ਼੍ਹੇ ਵਿਚ ਪਰਾਲੀ ਸਾੜਨ ਦੇ ਮਾਮਲੇ ਪਿੱਛਲੇ ਸਾਲ ਦੇ ਮੁਕਾਬਲੇ 78 ਫੀਸਦੀ ਘਟੇ

-ਪਿੱਛਲੇ ਸਾਲ ਦੇ 1843 ਮਾਮਲਿਆਂ ਦੇ ਮੁਕਾਬਲੇ ਇਸ ਸਾਲ ਆਏ ਸਿਰਫ 400 ਮਾਮਲੇ

ਫਾਜ਼ਿਲਕਾ, 2 ਦਸੰਬਰ 2024

ਚਾਹੇ ਫਸਲੀ ਵਿਭਿੰਨਤਾ ਅਪਨਾਉਣ ਦੀ ਗੱਲ ਹੋਵੇ ਤੇ ਚਾਹੇ ਨਵੀਂਆਂ ਖੇਤੀ ਤਕਨੀਕਾਂ ਅਪਨਾਉਣ ਦੀ, ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਹਮੇਸ਼ਾ ਮੋਹਰੀ ਰਹਿੰਦੇ ਹਨ। ਇਸ ਵਾਰ ਵੀ ਜ਼ਿਲ੍ਹੇ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਕੋਸ਼ਿਸਾਂ ਦਾ ਵੱਡੇ ਪੱਧਰ ਤੇ ਸਾਥ ਦਿੱਤਾ ਹੈ ਅਤੇ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲੇ ਪਿੱਛਲੇ ਸਾਲ ਦੇ ਮੁਕਾਬਲੇ 78.29 ਫੀਸਦੀ ਘੱਟ ਗਏ ਹਨ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਝੋਨੇ ਦੀ ਵਾਢੀ ਸੁਰੂ ਹੋਣ ਤੋਂ ਹੀ ਇਕ ਵਿਆਪਕ ਕਿਸਾਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਅਤੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਨ ਦੀ ਪਹਿਲ ਕਦਮੀ ਕੀਤੀ। ਜਿਸ ਨਾਲ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਅਤੇ ਨਾ ਸਾੜਨ ਦੇ ਫਾਇਦੇ ਸਮਝਾਉਣ ਵਿਚ ਕਾਮਯਾਬ ਰਿਹਾ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਸਾਲ 2022 ਵਿਚ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀਆਂ 2856 ਘਟਨਾਵਾਂ ਉਪਗ੍ਰਹਿ ਰਾਹੀਂ ਦਰਜ ਹੋਈਆਂ ਸਨ। ਪਿੱਛਲੇ ਸਾਲ ਯਾਨੀ ਸਾਲ 2023 ਵਿਚ ਇਹ ਗਿਣਤੀ 1843 ਸੀ ਅਤੇ ਇਸ ਸਾਲ ਇਹ ਗਿਣਤੀ ਘੱਟ ਕੇ ਮਹਿਜ 400 ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਮੀ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦ ਜ਼ਿਲ੍ਹੇ ਵਿਚ ਪਿੱਛਲੇ ਸਾਲ ਦੇ ਮੁਕਾਬਲੇ ਇਸ ਸਾਲ ਝੋਨੇ ਅਤੇ ਬਾਸਮਤੀ ਹੇਠ ਰਕਬੇ ਵਿਚ ਵਾਧਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਲਈ ਜਿੱਥੇ ਜ਼ਿਲ੍ਹੇ ਵਿਚ ਉਪਲਬੱਧ ਮਸ਼ੀਨਾਂ ਦੀ ਪੂਰੀ ਜਾਣਕਾਰੀ ਕਿਸਾਨਾਂ ਨੂੰ ਮੁਹਈਆ ਕਰਵਾਈ ਉਥੇ ਹੀ ਜ਼ਿਲ੍ਹੇ ਦੇ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਕਿਸਾਨਾਂ ਨੇ ਵੀ ਆਪਣੇ ਚੌਗਿਰਦੇ ਪ੍ਰਤੀ ਆਪਣੇ ਫਰਜਾਂ ਨੂੰ ਸਮਝਿਆ ਅਤੇ ਇਸ ਵਾਰ ਪਰਾਲੀ ਨੂੰ ਸਾੜਨ ਦੀ ਬਜਾਏ ਬਦਲਵੇਂ ਢੰਗ ਤਰੀਕੇ ਵਰਤ ਕੇ ਪਰਾਲੀ ਦੀ ਸੰਭਾਲ ਕੀਤੀ ਅਤੇ ਕਣਕ ਦੀ ਬਿਜਾਈ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਸਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਹੋਰ ਵੀ ਪ੍ਰਤੱਖ ਹੋਣਗੇ ਜਦ ਜਮੀਨ ਵਿਚ ਪਰਾਲੀ ਮਿਲਾਉਣ ਨਾਲ ਹੌਲੀ ਹੌਲੀ ਜਮੀਨ ਦੀ ਉਪਜਾਊ ਸ਼ਕਤੀ ਵੱਧਣ ਲੱਗੇਗੀ। ਉਨ੍ਹਾਂ ਨੇ ਕਿਸਾਨਾਂ ਵੱਲੋਂ ਦਿੱਤੇ ਸਹਿਯੋਗ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਇਸੇ ਤਰਾਂ ਨਾਲ ਕਿਸਾਨਾਂ ਨਾਲ ਰਾਬਤਾ ਬਣਾਈ ਰੱਖੇਗਾ ਅਤੇ ਕਣਕ ਦੀ ਕਾਸਤ ਸਬੰਧੀ ਹਰ ਪ੍ਰਕਾਰ ਦੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਮੁਹਈਆ ਕਰਵਾਈ ਜਾਵੇਗੀ।