ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦਾ ਕੇਂਦਰ ਸਥਾਪਤ

ਛੇ ਸਰਟੀਫਿਕੇਟ ਕੋਰਸ ਕਰਵਾਉਣ ਲਈ ਓਪਨ ਯੂਨੀਵਰਸਿਟੀ ਅਤੇ ਕਾਲਜ ਦਰਮਿਆਨ ਸਮਝੌਤਾ ਸਹੀਬੱਧ
ਐਸ.ਏ.ਐਸ. ਨਗਰ, 8 ਅਗਸਤ 2021
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੇ ਆਦੇਸ਼ਾਂ ਦੀ ਪਾਲਣ ਹਿੱਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਿਖਿਆਰਥੀ ਸਹਾਇਤਾ ਕੇਂਦਰ ਸਥਾਪਤ ਕਰਨ ਲਈ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਦਰਮਿਆਨ ਸਮਝੌਤਾ ਸਹੀਬੱਧ (ਐਮ.ਓ.ਯੂ.) ਕੀਤਾ ਗਿਆ। ਕਾਲਜ ਵਿਚ ਬਣਨ ਵਾਲੇ ਇਸ ਕੇਂਦਰ ਨੂੰ ਚਲਾਉਣ ਦੀ ਵਿਵਸਥਾ ਅਤੇ ਮਾਨਤਾ ਓਪਨ ਯੂਨੀਵਰਸਿਟੀ ਦੀ ਹੋਵੇਗੀ ਅਤੇ ਇਹ ਕੇਂਦਰ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਕੋਰਸਾਂ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ ਢੁਕਵੀਂ ਰਹਿਨੁਮਾਈ ਪ੍ਰਦਾਨ ਕਰੇਗਾ।
ਇਹ ਪ੍ਰਗਟਾਵਾ ਕਰਦਿਆਂ ਡਾ. ਧਰਮ ਸਿੰਘ ਨੇ ਦੱਸਿਆ ਕਿ ਸਿਖਿਆਰਥੀ ਸਹਾਇਤਾ ਕੇਂਦਰ ਵਿਚ ਸ਼ੁਰੂਆਤੀ ਤੌਰ ’ਤੇ ਛੇ ਸਰਟੀਫਿਕੇਟ ਕੋਰਸ ਕਰਵਾਏ ਜਾਣਗੇ। ਰਜਿਸਟਰਾਰ ਨੇ ਇਹ ਵੀ ਦੱਸਿਆ ਕਿ ਦਾਖਲੇ ਲਈ 12ਵੀਂ ਕਲਾਸ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕੋਰਸ ਰੈਗੂਲਰ ਪੜ੍ਹਾਈ ਅਤੇ ਨੌਕਰੀ, ਦੋਵਾਂ ਦੇ ਨਾਲ-ਨਾਲ ਕੀਤਾ ਜਾ ਸਕੇਗਾ। ਇਹ ਕੇਂਦਰ ਸਿਖਿਆਰਥੀਆਂ ਨੂੰ ਪੇਸ਼ੇਵਾਰਾਨਾ ਕੌਂਸਲਿੰਗ, ਤਜਰਬਾ ਅਤੇ ਲਾਇਬ੍ਰੇਰੀ ਦੀਆਂ ਸੇਵਾਵਾਂ ਮੁਹੱਈਆ ਕਰਵਾਏਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਇਹ ਕੋਰਸ ਸਮੇਂ ਦੇ ਬਦਲਾਅ ਦੇ ਮੁਤਾਬਕ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਕੇਂਦਰ ਬਹੁਤ ਲਾਭਕਾਰੀ ਸਿੱਧ ਹੋਵੇਗਾ ਜੋ ਰੈਗੂਲਰ ਦਾਖਲਾ ਨਹੀਂ ਲੈ ਸਕਦੇ। ਡਾ. ਜਤਿੰਦਰ ਕੌਰ ਨੇ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਸੰਚਾਰ ਦੇ ਆਧੁਨਿਕ ਸਾਧਨਾਂ ਤੋਂ ਇਲਾਵਾ ਖੇਤਰੀ ਤਜਰਬੇ ਵਰਗੀ ਕੋਈ ਵੀ ਮਦਦ ਮੁਹੱਈਆ ਕਰਵਾਉਣ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਪੁਲ ਦਾ ਕੰਮ ਕਰੇਗਾ।
ਇਸ ਮੌਕੇ ਕੇਂਦਰ ਦੇ ਸਥਾਨਕ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕੋਰਸਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਸਾਹਿਬਾਨ ਪ੍ਰੋ: ਸੀਮਾ ਸੈਣੀ, ਡਾ. ਜਸਪਾਲ ਸਿੰਘ, ਡਾ. ਸੁਰਿੰਦਰ ਪਾਲ, ਪ੍ਰੋ: ਸੁਨੀਤਾ ਮਿਤਲ ਅਤੇ ਪ੍ਰੋ: ਘਣਸ਼ਾਮ ਸਿੰਘ ਹਾਜ਼ਰ ਰਹੇ।

 

Spread the love