ਸਬ ਡਵੀਜਨਲ ਹਸਪਤਾਲ ਤਪਾ ਨੇ ਤੀਸਰੀ ਵਾਰ ਜਿੱਤਿਆ ਕਾਇਆਕਲਪ ਪੁਰਸਕਾਰ

ਪੀਐਚਸੀ ਟੱਲੇਵਾਲ ਪੰਜਾਬ ‘ਚੋਂ ਪਹਿਲੇ ਸਥਾਨ ਉਤੇ, ਸ਼ਹਿਣਾ ਦਾ ਸਿਹਤ ਕੇਂਦਰ ਜਿਲ੍ਹੇ ‘ਚੋਂ ਦੂਸਰੇ ਸਥਾਨ ‘ਤੇ ਰਹੇ
ਸਵੱਛਤਾ ਮੁਹਿੰਮ ਤਹਿਤ ਬਰਨਾਲਾ ਜਿਲ੍ਹੇ ਦਾ ਮਾਣ ਵਧਿਆ: ਡਾ ਔਲਖ
ਤਪਾ/ਬਰਨਾਲਾ, 26 ਮਈ 2021
ਸਬ ਡਵੀਜਨਲ ਹਸਪਤਾਲ ਤਪਾ ਨੇ ਤੀਸਰੀ ਵਾਰ ਸਵੱਛ ਭਾਰਤ ਮੁਹਿੰਮ ਤਹਿਤ ਕਾਇਆ ਕਲਪ ਮੁਕਾਬਲੇ ਵਿਚੋਂ ਪੰਜਾਬ ਭਰ ਦੇ ਸਬ ਡਵੀਜ਼ਨਲ ਹਸਪਤਾਲਾਂ ਵਿਚੋਂ ਇਨਾਮ ਰਾਸ਼ੀ ਪੱਖੋਂ ਦੂਸਰਾ ਪੁਰਸਕਾਰ ਹਾਸਲ ਕੀਤਾ ਹੈ ਅਤੇ ਅੰਕਾਂ ਦੇ ਹਿਸਾਬ ਨਾਲ 82.5 ਸਕੋਰ ਨਾਲ ਸੂਬੇ ਭਰ ਵਿਚੋਂ 9ਵਾਂ ਰੈਂਕ ਹਾਸਲ ਕੀਤਾ ਹੈ।
ਇਸਦੇ ਨਾਲ ਹੀ ਪ੍ਰਾਇਮਰੀ ਸਿਹਤ ਕੇਂਦਰ ਟੱਲੇਵਾਲ ਨੇ ਕਾਇਆਕਲਪ ਸਵੱਛਤਾ ਮੁਹਿੰਮ ਤਹਿਤ ਕਰਵਾਏ ਵੱਕਾਰੀ ਮੁਕਾਬਲੇ ਵਿਚ 90 ਅੰਕ ਲੈ ਕੇ ਲਗਾਤਾਰ ਚੌਥੀ ਵਾਰ ਮੁਕਾਬਲੇ ਵਿਚੋਂ ਮੋਹਰੀ ਰਹਿੰਦਿਆਂ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਪ੍ਰਾਇਮਰੀ ਸਿਹਤ ਕੇਂਦਰ ਸ਼ਹਿਣਾ ਨੇ 81 ਅੰਕ ਲੈਂਦਿਆਂ ਜਿਲ੍ਹੇ ਦੇ ਸਾਰੇ ਪ੍ਰਾਇਮਰੀ ਸਿਹਤ ਕੇਂਦਰਾਂ ਵਿਚੋਂ ਦੂਸਰਾ ਸਥਾਨ ਅਤੇ ਪੰਜਾਬ ਭਰ ਵਿਚੋਂ 9ਵਾਂ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਸਵੱਛਤਾ ਕਾਇਆ ਕਲਪ ਮੁਕਾਬਲੇ ਲਈ ਦੋ ਪੜਾਅ ਦੀ ਚੈਕਿੰਗ ਦੌਰਾਨ ਅੰਕਾਂ ਦੇ ਆਧਾਰ ਉਤੇ ਸਬ ਡਵੀਜਨਲ ਹਸਪਤਾਲ ਤਪਾ ਅਤੇ ਇਸ ਅਧੀਨ ਦੋ ਹੋਰ ਸੰਸਥਾਵਾਂ ਵਲੋਂ ਮੋਹਰੀ ਸਥਾਨ ਪ੍ਰਾਪਤ ਕਰਕੇ ਵੱਕਾਰੀ ਸੂਬਾ ਪੱਧਰੀ ਪੁਰਸਕਾਰ ਜਿੱਤਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਅਤੇ ਉਚ ਅਧਿਕਾਰੀਆਂ ਵਲੋਂ ਬਰਨਾਲਾ ਜਿਲ੍ਹੇ ਦੀਆਂ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਅਤੇ ਮਰੀਜ਼ਾਂ ਦੇ ਬਿਹਤਰੀਨ ਇਲਾਜ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਸਹੂਲਤਾਂ ਵੀ ਛੇਤੀ ਮੁਹੱਈਆ ਕਰਵਾਈਆਂ ਜਾਣਗੀਆਂ। ਡਾ. ਜਸਬੀਰ ਸਿੰਘ ਔਲਖ ਨੇ ਸਬ ਡਵੀਜ਼ਨਲ ਹਸਪਤਾਲ ਤਪਾ, ਪੀਐਚਸੀ ਟੱਲੇਵਾਲ ਤੇ ਪੀਐਚਸੀ ਸ਼ਹਿਣਾ ਦੇ ਸਮੁੱਚੇ ਸਟਾਫ ਨੂੰ ਇਸ ਉਪਲਬਧੀ ਲਈ ਵਧਾਈ ਵੀ ਦਿੱਤੀ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਸੂਬਾ ਪੱਧਰ ਦੇ ਕਾਇਆਕਲਪ ਮੁਕਾਬਲੇ ਵਿਚ ਬਲਾਕ ਤਪਾ ਦੀਆਂ ਚਾਰ ਸਿਹਤ ਸੰਸਥਾਵਾਂ ਵਿਚੋਂ ਸਬ ਡਵੀਜਨਲ ਹਸਪਤਾਲ ਤਪਾ ਤਿੰਨ ਵਾਰ, ਪ੍ਰਾਇਮਰੀ ਸਿਹਤ ਕੇਂਦਰ ਟੱਲੇਵਾਲ ਲਗਾਤਾਰ ਚਾਰ ਵਾਰ, ਪ੍ਰਾਇਮਰੀ ਸਿਹਤ ਕੇਂਦਰ ਸ਼ਹਿਣਾ ਲਗਾਤਾਰ ਦੋ ਵਾਰ ਅਤੇ ਕਮਿਊਨਿਟੀ ਹੈਲਥ ਸੈਂਟਰ ਭਦੌੜ ਇਕ ਵਾਰ ਪੁਰਸਕਾਰ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ।

 

Spread the love