ਅੱਜ ਇਸ ਕਮੇਟੀ ਦੀ ਮੀਟਿੰਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ, ਮੀਟਿੰਗ ਉਪਰੰਤ ਕਮੇਟੀ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਕਣਕ ਬੀਜ ਦੇ ਨੁਕਸਾਨ ਸਬੰਧੀ ਪਨਸੀਡ ਦਾ ਲਾਢੋਵਾਲ ਬੀਜ ਗੋਦਾਮ, ਪਿੰਡ ਸਲੇਮਪੁਰ ਬਲਾਕ ਮਾਂਗਟ, ਅਤੇ ਹੰਬੜਾ ਵਿਖੇ ਦੌਰਾ ਕੀਤਾ ਗਿਆ ਅਤੇ ਪ੍ਰਭਾਵਿਤ ਕਿਸਾਨਾਂ ਦੇ ਨਾਲ ਵੀ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਗਈ। ਇਸ ਕਮੇਟੀ ਵੱਲੋਂ ਪਨਸੀਡ ਦੇ ਗੋਦਾਮ ਤੋਂ ਬੀਜ ਦੇ 10 ਸੈਂਪਲ ਲਏ ਗਏ ਅਤੇ ਸੀਡ ਦੇ ਲਾਟਸ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਲਏ ਗਏ ਸੈਂਪਲਾਂ ਦੀ ਟੈਸਟਿੰਗ ਪੀ.ਏ.ਯੂ. ਲੁਧਿਆਣਾ ਵਿਖੇ ਸਥਿਤ ਬੀਜ ਨਿਰੀਖਣ ਲੈਬਾਰਟਰੀ ਵਿੱਚ ਕੀਤੀ ਜਾਵੇਗੀ।
ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਪਨਸੀਡ ਵੱਲੋਂ ਜਿਨ੍ਹਾਂ ਸਹਿਕਾਰੀ ਸੁਸਾਇਟੀਆਂ, ਖੇਤੀਬਾੜੀ ਵਿਭਾਗ ਦੇ ਦਫਤਰਾਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਬੀਜ ਸਪਲਾਈ ਕੀਤਾ ਗਿਆ ਹੈ ਉਸ ਦੀ ਸੈਂਪਲਿੰਗ ਅਤੇ ਚੈਕਿੰਗ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇ। ਕਮੇਟੀ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਕਿਸਮ ਡੀ.ਬੀ.ਡਬਲਿਊ 222 ਅਤੇ ਐਚ.ਡੀ. 3086 ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਵਿੱਚ ਆਈ ਹੈ। ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀ 697 ਏਕੜ ‘ਚ ਬੀਜ ਉੱਗਣ ਸ਼ਕਤੀ ਘੱਟ ਹੋਣ ਬਾਰੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿੱਚ ਵੀ 100 ਏਕੜ ਰਕਬੇ ਅਤੇ ਮਲੇਰਕੋਟਲਾ ਦੇ ਕੁੱਝ ਪਿੰਡਾਂ ਵਿੱਚ ਪਨਸੀਡ ਵੱਲੋਂ ਸਪਲਾਈ ਕੀਤੇ ਕਣਕ ਦੇ ਬੀਜ ਦੀ ਉੱਗਣ ਸਕ਼ਤੀ ਘੱਟ ਹੋਣ ਬਾਰੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਬੀਜ ਦੀ ਉੱਗਣ ਸ਼ਕਤੀ 50 ਪ੍ਰਤੀਸ਼ਤ ਤੋਂ ਲੈ ਕੇ 90 ਪ੍ਰਤੀਸ਼ਤ ਤੱਕ ਪ੍ਰਭਾਵਿਤ ਹੋਈ ਹੈ। ਕਮੇਟੀ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਬੀਜ਼ ਦੀਆਂ ਕੀਸਮਾਂ ਦਾ ਸਟਾੱਕ ਜ਼ੋ ਪਨਸੀਡ ਦੇ ਗੋਦਾਮ ਵਿਚ ਪਿਆ ਹੈ ਉਸ ਦੇ ਸੈਂਪਲ ਲੈੇਕੇ ਅਤੇ ਜ਼ੋ ਗਾਰਡ ਸੈਂਪਲ ਲੋਬਾਰਟਰੀਆਂ ਵਿਚ ਬਚੇ ਪਏ ਹਨ, ਉਨ੍ਹਾਂ ਦੀ ਨਾਲ-ਨਾਲ ਟੈਸਟਿੰਗ ਲਈ ਭੇਜੇ ਜਾ ਰਹੇ ਹਨ। ਟੈਸਟਿੰਗ ਉਪਰੰਤ ਜਿਸ ਲੈਵਲ ਤੇ ਗਲਤੀ ਪਾਈ ਜਾਵੇਗੀ ਉਨ੍ਹਾਂ ਅਧਿਕਾਰੀਆਂ ਜਾਂ ਡੀਲਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਤਾਂ ਜ਼ੋ ਭਵਿੱਖ ਵਿਚ ਕਿਸਾਨਾਂ ਨੂੰ ਕੋਈ ਮਾੜਾ ਸੀਡ ਜਾਂ ਕੋਈ ਹੋਰ ਖੇਤੀਬਾੜੀ ਇਨਪੁੱਟ ਦੇਣ ਦੀ ਕੋਸ਼ਿਸ਼ ਨਾ ਕਰੇ।
ਕਮੇਟੀ ਵੱਲੋਂ ਦੱਸਿਆ ਗਿਆ ਕਿ ਹਾਲ ਦੀ ਘੜੀ ਕਿਸਾਨਾਂ ਦੇ ਕਣਕ ਦੇ ਬੀਜ ਖਰਾਬ ਹੋਣ ਦੀ ਸੂਰਤ ਵਿੱਚ ਵਿਭਾਗ ਵੱਲੋਂ ਉਸ ਬੀਜ ਦੇ ਪੈਸੇ ਮੋੜੇ ਜਾ ਰਹੇ ਹਨ ਜਾਂ ਫਿਰ ਨਵਾਂ ਬੀਜ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਇਸ ਪੜਤਾਲ ਮੌਕੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਨਰਿੰਦਰ ਸਿੰਘ ਬੈਨੀਪਾਲ, ਪਾਮੇਟੀ ਦੇ ਡਾਇਰੈਕਟਰ ਡਾ. ਹਰਜੀਤ ਸਿੰਘ ਧਾਲੀਵਾਲ, ਡਾਇਰੈਕਟਰ ਸੀਡ ਪੀ.ਏ.ਯੂ. ਡਾ. ਰਜਿੰਦਰ ਸਿੰਘ, ਜੀ.ਐਮ. ਪਨਸੀਡ ਡਾ. ਜਗਤਾਰ ਸਿੰਘ ਮੱਲ੍ਹੀ ਅਤੇ ਰੀਜਨਲ ਸੀਡ ਸਰਟੀਫਿਕੇਸ਼ਨ ਅਫਸਰ ਡਾ. ਰਜਿੰਦਰ ਸਿੰਘ, ਸ਼੍ਰੀ ਚਰਨਜੀਤ ਸਿੰਘ ਕੈਂਥ,ਸੀਡ ਟੈਸਟਿੰਗ ਅਫਸਰ ਅਤੇ ਹੋਰ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਸਨ।