ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਖੌਫ ਦੇ ਮਾਹੌਲ ਨੂੰ ਵੇਖਦਿਆਂ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕਰਨ ਲਈ ਕਰਨਗੇ “ਪੰਜਾਬ ਬਚਾਓ ਦੌਰਾ” : ਅਕਾਲੀ ਦਲ

ਪੰਜਾਬ ’ਚ ਪ੍ਰਸ਼ਾਸਨ, ਕਾਨੂੰਨ ਤੇ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਈ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 16 ਦਸੰਬਰ :-  ਪੰਜਾਬ ਵਿਚ  ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ  ਦੇ ਮਾਹੌਲ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਜ਼ਿ‌ਲ੍ਹਿਆਂ ਦਾ “ਪੰਜਾਬ ਬਚਾਓ ਦੌਰਾ” ਕਰਨਗੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ।

ਇਸ ਬਾਰੇ ਫੈਸਲਾ ਅੱਜ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।

ਸਰਦਾਰ ਬਾਦਲ, ਜਿਹਨਾਂ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨੇ ਸੂਬੇ ਵਿਚ ਡਰ ਤੇ ਖੌਫ ਦੇ ਮਾਹੌਲ ਬਾਰੇ ਮੈਂਬਰਾਂ ਦੇ ਵਿਚਾਰ ਸਾਂਝੇ ਕੀਤੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਪੰਜਾਬ ਦਾ ਹੁਣ ਕੋਈ ਵਾਲੀ ਵਾਰਸ ਨਹੀਂ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਤੌਰ ’ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸੂਬੇ ਵਿਚ ਅਮਨ ਸ਼ਾਂਤੀ ਤੇ ਭਾਈਚਾਰ ਸਾਂਝ ਕਾਇਮ ਰੱਖਣ ਦੀ ਆਪਣੀ ਨੈਤਿਕ ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਸਰਦਾਰ ਬਾਦਲ ਨੇ ਕਿਹਾਕਿ  ਸੂਬੇ ਦੀ ਵਾਗੋਡਰ ਗੈਂਗਸਟਰਾਂ ਤੇ ਗੈਂਗਾਂ ਦੇ ਹੱਥ ਦੇ ਦਿੱਤੀ ਗਈ ਹੈ ਤੇ ਮੰਤਰੀ ਸਿਰਫ ਜਨਤਕ ਸਮਾਗਮਾਂ ਦੀਆਂ ਰਸਮਾਂ ਨਿਭਾਉਣ ਜੋਗੇ ਹੀ ਨਜ਼ਰ ਆ ਰਹੇ ਹਨ।  ਪੁਲਿਸ ਤੇ ਅਫਸਰਸ਼ਾਹੀ ਵੱਖਰੇ ਹੀ ਵਹਿਣ ਵਿਚ ਹਨ।

ਉਹਨਾਂ ਕਿਹਾ ਕਿ ਸਾਰੇ ਪੰਜਾਬੀ ਆਪਣੀ ਜਾਨ ਮਾਲ ਦੀ ਰਾਖੀ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਸ਼ਹਿਰੀ ਲੋਕ ਤਾਂ ਅੱਧੀ ਰਾਤ ਨੂੰ ਫਿਰੌਤੀਆਂ ਤੇ ਵਸੂਲੀਆਂ ਲਈ ਬੂਹੇ ਖੜਕਾਉਣ ਜਾਣ ਦੇ ਡਰੋਂ ਦਹਿਸ਼ਤ ਵਿਚ ਹਨ। ਉਹਨਾਂ ਕਿਹਾਕਿ  ਇਹ ਉਹ ਪੰਜਾਬ ਨਹੀਂ ਰਿਹਾ ਜਿਸ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਸੀ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘਚੀਮਾ  ਨੇ ਕਿਹਾ ਕਿ ਮੀਟਿੰਗ ਵਿਚ ਚਾਰ ਸਾਹਿਬਜ਼ਾਦਿਆਂ ਅਤੇ ਇਤਿਹਾਸ ਦੇ ਹੋਰ ਬੇਖੌਫ ਜੰਗਜੂਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਮੀਟਿੰਗ ਵਿਚ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹਰਭਜਨ ਸਿੰਘ ਮਸਾਣਾ (ਹਰਿਆਣਾ) ਦੇ ਸਤਿਕਾਰਯੋਗ ਪਿਤਾ ਸਰਦਾਰ ਦਲੀਪ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਉਹਨਾਂ ਦੱਸਿਆ ਕਿ ਜਲੰਧਰ ਵਿਚ ਮਾਸੂਸ ਪਰਿਵਾਰਾਂ ਦੇ ਘਰਾਂ ਦੇ ਉਜਾੜੇ ਪਿੱਛੇ ਸਰਕਾਰ ਤੇ ਜ਼ਮੀਨ ਹੜੱਪ ਕਰਨ ਵਾਲੀਆਂ ਵੱਡੀਆਂ ਮੱਛੀਆਂ ਵਿਚ ਗੰਢਤੁੱਪ ਜ਼ਿੰਮੇਵਾਰ ਹੈ। ਜਿਹੜੇ ਘਰ ਲੋਕਾਂ ਨੇ ਬਹੁਤ ਮਿਹਨਤ ਨਾਲ ਦਹਾਕਿਆਂ ਤੋਂ ਬਣਾਏ ਸੀ, ਉਹਨਾਂ ਤੋਂ ਉਹ ਹੀ ਖੋਹ ਲਏ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਕਾਨੂੰਨੀ ਮਾਮਲਾ ਬਣਦਾ ਵੀ ਸੀ ਤਾਂ ਵੀ ਸਰਕਾਰ ਨੇ ਬਹੁਤ ਜ਼ਿਆਦਾ ਅਸੰਵੇਦਨਸ਼ੀਲਤਾ ਵਿਖਾਈ ਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੁੰ ਘਰਾਂ ਵਿਚੋਂ ਕੱਢ ਦਿੱਤਾ ਜੋ ਠੰਢ ਵਿਚ ਰਾਤਾਂ ਸੜਕਾਂ ’ਤੇ ਕੱਟ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਇਹ ਘਰ ਇਹਨਾਂ ਵਿਚ ਰਹਿਣ ਵਾਲਿਆਂ ਨੂੰ ਸਸਤੀਆਂ ਦਰਾਂ ’ਤੇ ਅਲਾਟ ਕਰ ਸਕਦੀ ਸੀ ਜਾਂ ਫਿਰ ਇਹਨਾਂ ਤੋਂ ਘਰ ਖਾਲੀ ਕਰਵਾਉਣ ਤੋਂ ਪਹਿਲਾਂ ਇਹਨਾਂ ਨੂੰ ਬਦਲਵੇਂ ਮਕਾਨ ਦਿੱਤੇ ਜਾ ਸਕਦੇ ਸਨ।

ਜਲੰਧਰ ਵਿਚ ਗੁਰਦੁਆਰਾ ਸਾਹਿਬ ਵਿਚ ਸਿੱਖ ਰਹਿਤ ਮਰਿਆਦਾ ਵਿਚ ਵਿਘਨ ਪੈਣ ਦੇ ਮਾਮਲੇ ’ਤੇ ਡਾ. ਚੀਮਾ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅੱਜ ਇਸ ਮਾਮਲੇ ’ਤੇ ਰੋਪੜ ਵਿਚ ਚਰਚਾ ਕਰ ਰਹੀ ਹੈ।

ਡਾ. ਚੀਮਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ’ਤੇ ਚੁੱਪ ਵੱਟਣ ਦੀ ਵੀ ਨਿਖੇਧੀ ਕੀਤੀ।

ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਸ ਰਦਾਰ ਇਕਬਾਲ ਸਿੰਘ ਝੂੰਦਾ, ਸਰਦਾਰ ਸਿਕੰਦਰਸਿੰਘ  ਮਲੂਕਾ, ਸਰਦਾਰ ਵਿਰਸਾ ਸਿੰਘ ਵਲਟੋਹਾ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਹੀਰਾ ਸਿੰਘ ਗਾਬੜੀਆ, ਸਰਦਾਰ ਗੁਰਬਚਨ ਸਿੰਘ ਬੱਬੇਹਾਲੀ, ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਅਨਿਲ ਜੋਸ਼ੀ, ਸ੍ਰੀ ਐਨ ਕੇ ਸ਼ਰਮਾ, ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਤੇ ਬੀਬੀ ਸੁਨੀਤਾ ਚੌਧਰੀ ਨੇ ਵੀ ਸ਼ਮੂਲੀਅਤ ਕੀਤੀ।

 

ਹੋਰ ਪੜ੍ਹੋ :- ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ

Spread the love