ਮੁੱਖ ਮੰਤਰੀ ਨੂੰ ਕਿਹਾ ਕਿ ਕੋਰੋਨਾ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ, ਕੋਰੋਨਾ ਕਾਰਨ ਅਨਾਥ ਹੋਇਆਂ ਨੂੰ 6 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਤੇ ਬੀ ਪੀ ਐਲ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਮਹੀਨਾ ਸਹਾਇਤਾ ਪ੍ਰਦਾਨ ਕੀਤੀ ਜਾਵੇ
ਕਿਹਾ ਕਿ ਸਰਕਾਰ 10 ਲੱਖ ਸਾਲਾਨਾ ਤੋਂ ਘੱਟ ਆਮਦਨ ਵਾਲੇ ਸਾਰੇ ਮਰੀਜ਼ਾਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦਾ ਖਰਚ ਆਪ ਚੁੱਕੇ
ਚੰਡੀਗੜ੍ਹ, 16 ਮਈ , 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਬਣੇ ਸੰਕਟ ਨੂੰ ਸਮਝਣ ਅਤੇ ਤੁਰੰਤ ਕੋਰੋਨਾ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ, ਕੋਰੋਨ ਕਾਰਨ ਅਨਾਥ ਹੋਇਆਂ ਨੂੰ 6 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਤੇ ਬੀ ਪੀ ਐਲ ਪਰਿਵਾਰਾਂ ਨੂੰ ਘੱਟ ਤੋਂ ਘੱਟ 6 ਮਹੀਨੇ ਲਈ 6 ਹਜ਼ਾਰ ਰੁਪਏ ਮਹੀਨਾ ਦੀ ਸਹਾਇਤਾ ਪ੍ਰਦਾਨ ਕਰਨ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੁਝ ਸਮਾਂ ਕੱਢ ਕੇ ਕੋਰੋਨਾ ਕਾਰਨ ਮਾਰ ਦਾ ਸ਼ਿਕਾਰ ਹੋਏ ਤੇ ਲਾਕ ਡਾਊਨ ਕਾਰਨ ਪ੍ਰਭਾਵਤ ਹੋਏ ਗਰੀਬਾਂ, ਮੁਹਾਰਤੀ ਵਰਕਰਾਂ ਤੇ ਵਪਾਰੀਆਂ ਬਾਰੇ ਸੋਚਣ। ਉਹਨਾਂ ਕਿਹਾ ਕਿ ਇਹ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਸਮਾਜ ਦੇ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਹਾਲਾਂਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਸਨੇ ਕੋਰੋਨਾ ਸੰਭਾਲ ’ਤੇ 1100 ਕਰੋੜ ਰੁਪਏ ਖਰਚ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਸਮਾਜ ਦੇ ਵੱਖ ਵੱਖ ਵਰਗ ਜੋ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ, ਦੀਆਂ ਤਕਲੀਫਾਂ ਘਟਾਉਣ ਵਾਸਤੇ ਉਹ ਫੌਰੀ ਕੰਮ ਕਰਨ ਨਹੀਂ ਤਾਂ ਸਾਡੀਆਂ ਅੱਖਾਂ ਸਾਹਮਣੇ ਇਕ ਹੋਰ ਦੁਖਾਂਤ ਵਾਪਰ ਜਾਵੇਗਾ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਮਹਾਮਾਰੀ ਕਾਰਨ ਜਿਹਨਾਂ ਦੇ ਰੋਜ਼ੀ ਰੋਟੀ ਦਾ ਸਾਧਨ ਗਿਆ ਉਹਨਾਂ ਸਾਰੇ ਪਰਿਵਾਰਾਂ ਵਾਸਤੇ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ। ਇਸਦੇ ਤਰੀਕੇ ਜਿਹੜੇ ਕੋਰੋਨਾ ਕਾਰਨ ਅਨਾਥ ਹੋ ਗਏ ਹਨ, ਉਹਨਾਂ ਨੂੰ ਬਾਲਗ ਹੋਣ ਤੱਕ 6 ਹਜ਼ਾਰ ਰੁਪਏ ਮਹੀਨਾ ਸਹਾਇਤਾ ਪ੍ਰਦਾਨ ਕੀਤੀ ਜਾਵੇ ਤੇ ਅਜਿਹੇ ਬੱਚਿਆਂ ਨੂੰ ਪੋਸਟ ਗਰੈਜੂਏਟ ਪੱਧਰ ਤੱਕ ਮੁਫਤ ਸਿੱਖਿਆ ਦਿੱਤੀ ਜਾਵੇ।
ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਪ੍ਰਾਈਵੇਟ ਹਸਪਤਾਲਾਂ ਹੱਥੋਂ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਨੂੰ ਕੋਈ ਵੀ ਰਾਹਤ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਇਹ ਸਾਹਮਣੇ ਆ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲ ਕੋਰੋਨਾ ਇਲਾਜ ਲਈ ਢਾਈ ਤੋਂ ਪੰਜ ਲੱਖ ਰੁਪਏ ਤੱਕ ਵਸੂਲ ਰਹੇ ਹਨ। ਇਸੇ ਤਰੀਕੇ ਜੀਵਨ ਰੱਖਿਅਕ ਦਵਾਈਆਂ ਤੇ ਟੀਕਿਆਂ ਦੇ ਮਾਮਲੇ ਵਿਚ ਖੁੱਲ੍ਹੀ ਲੁੱਟ ਮਚੀ ਹੋਈ ਹੈ। ਉਹਨਾਂ ਕਿਹਾ ਕਿ ਇਹ ਮੌਕਾ ਹੈ ਕਿ ਸਰਕਾਰ ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰੇ। ਉਹਨਾਂ ਕਿਹਾ ਕਿ ਸਰਕਾਰ ਨੂੰ ਸਾਲਾਨਾ 10 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਸਾਰੇ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਆਪ ਚੁੱਕਣਾ ਚਾਹੀਦਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਸੂਬੇ ਵਿਚ ਲਾਕ ਡਾਊਨ ਕਾਰਨ ਗਰੀਬ ਪਰਿਵਾਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਬੀ ਪੀ ਐਲ ਪਰਿਵਾਰਾਂ ਨੁੰ ਅਗਲੇ ਛੇ ਮਹੀਨੇ ਤੱਕ 6 ਹਜ਼ਾਰ ਰੁਪਏ ਮਹੀਨਾ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਸੰਕਟ ਨਾਲ ਨਜਿੱਠਣ ਵਿਚ ਸਹਾਇਤਾ ਮਿਲ ਸਕੇ।
ਉਹਨਾਂ ਕਿਹਾ ਕਿ ਟੈਕਸੀ ਤੇ ਆਟੋ ਚਾਲਕਾਂ ਤੇ ਮਾਲਕਾਂ ਨੁੰ ਵੀ ਅਗਲੇ 6 ਮਹੀਨੇ ਵਾਸਤੇ 6 ਹਜ਼ਾਰ ਰੁਪਏ ਮਹੀਨਾ ਭੱਤਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕੋਰੋਨਾ ਨਾਲ ਪ੍ਰਭਾਵਤ ਰਜਿਸਟਰਡ ਮਜ਼ਦੂਰਾਂ ਵਾਸਤੇ ਮੁਅਵਾਜ਼ਾ ਇਸ ਵੇਲੇ 1500 ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਇਹਨਾਂ ਦਾ ਕੋਈ ਪਰਿਵਾਰ ਮੈਂਬਰ ਵੀ ਪ੍ਰਭਾਵਤ ਹੁੰਦਾ ਹੈ ਤਾਂ ਫਿਰ ਮੁਆਵਜ਼ਾ 3 ਹਜ਼ਾਰ ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਵੱਲੋਂ ਰਜਿਸਟਰਡ ਮਜ਼ਦੂਰਾਂ ਵਾਸਤੇ ਨਿਗੂਣੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤੇ ਉਹ ਵੀ ਹਾਲੇ ਤੱਕ ਨਹੀਂ ਮਿਲਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਰਜ਼ਾ ਤੇ ਹੋਰ ਅੰਤਰਿਮ ਰਾਹਤਾਂ ਪ੍ਰਦਾਨ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸੂਬੇ ਵੱਲੋਂ ਲਗਾਏ ਗਏ ਲਾਕ ਡਾਊਨ ਦੇ ਕਾਰਨ ਵਪਾਰ ਤੇ ਉਦਯੋਗ ਨੂੰ ਵੱਡੀ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਸੈਕਟਰ ਵਾਸਤੇ ਲਘੂ ਕਾਲੀ ਵਿਆਜ਼ ਸਬਸਿਡੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਵਪਾਰੀ ਤੇ ਉਦਯੋਗਪਤੀ ਆਪਣੇ ਕੰਮਕਾਜੀ ਖਰਚੇ ਪੂਰੇ ਕਰ ਸਕਣ। ਉਹਨਾਂ ਕਿਹਾ ਕਿ ਇਸ ਸੈਕਟਰ ਨੂੰ ਚਾਰ ਮਹੀਨਿਆਂ ਲਈ ਮੁਫਤ ਬਿਜਲੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਨੂੰ ਔਖੇ ਵੇਲੇ ਪਏ ਘਾਟਿਆਂ ਲਈ ਮੁਆਵਜ਼ਾ ਦਿੱਤਾ ਜਾ ਸਕੇ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਅਗਲੇ ਛੇ ਮਹੀਨਿਆਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕਰ ਕੇ ਆਮ ਆਦਮੀ ਨੂੰ ਵੀ ਰਾਹਤ ਦਿੱਤੀ ਜਾਵੇ।