ਸੁਖਬੀਰ ਸਿੰਘ ਬਾਦਲ ਬਹੁ ਕਰੋੜੀ ਵੈਕਸੀਨ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਦਿਆਂ 7 ਜੂਨ ਨੂੰ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਘਰ ਅੱਗੇ ਦੇਣਗੇ ਧਰਨਾ

“Govt slamming the door shut on farmers face “- Sukhbir Singh Badal

ਅਕਾਲੀ ਦਲ ਨੇ ਸਿੱਧੂ ਦੀ ਬਰਖ਼ਾਸਤਗੀ ਮੰਗੀ, ਕਿਹਾ ਕਿ ਮੁੱਖ ਮੰਤਰੀ ਭ੍ਰਿਸ਼ਟ ਮੰਤਰੀ ਦਾ ਬਚਾਅ ਕਰ ਰਹੇ ਹਨ
ਚੰਡੀਗੜ੍ਹ, 5 ਜੂਨ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਹੁ ਕਰੋੜੀ ਵੈਕਸੀਨ ਘੁਟਾਲੇ ਦੀ ਸੀ ਬੀ ਆਈ ਜਾਂਚ ਅਤੇ ਮੰਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਨੁੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਅੱਗੇ ਧਰਨਾ ਦੇਣਗੇ।
ਇਸ ਗੱਲ ਦੀ ਜਾਣਕਾਰੀ ਦਿੰਦਿੰਆਂ ਪਾਰਟੀ ਵੱਲੋਂ ਇਥੇ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੋ ਘੰਟੇ ਦੇ ਧਰਨੇ ਦੀ ਅਗਵਾਈ ਕਰਨਗੇ ਅਤੇ ਇਸ ਧਰਨੇ ਵਿਚ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਸੀਨੀਅਰ ਪਾਰਟੀ ਲੀਡਰਸ਼ਿਪ ਸ਼ਾਮਲ ਹੋਵੇਗੀ।
ਇਸ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੰਨਿਆ ਹੈ ਕਿ ਇਸਨੇ ਕੇਂਦਰ ਤੋਂ ਪ੍ਰਾਪਤ ਹੋਈਆਂ 1 ਲੱਖ ਵੈਕਸੀਨ ਡੋਜ਼ਾਂ ਵਿਚੋਂ 80 ਹਜ਼ਾਰ ਭਾਰੀ ਮੁਨਾਫਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਡੋਜ਼ ’ਤੇ ਹੋਰ ਪ੍ਰੀਮੀਅਮ ਲੈਦ ਦੀ ਆਗਿਆ ਦਿੱਤੀ ਹੈ ਤੇ ਇਸਨੇ ਇਸ ਭ੍ਰਿਸ਼ਟ ਤੇ ਅਣਮਨੁੱਖੀ ਕਾਰਵਾਈ ਲਈ ਜ਼ਿੰਮੇਵਾਰ ਕਿਸੇ ਦੇ ਵੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਜਦੋਂ ਕਿ ਇਹ ਵੈਕਸੀਨ ਜੋ ਲੋਕਾਂ ਨੁੰ ਮੁਫਤ ਲੱਗਣੀ ਚਾਹੀਦੀ ਸੀ, ਉਹ ਪ੍ਰਾਈਵੇਟ ਹਸਪਤਾਲਾਂ ਵਿਚ 150 ਤੋਂ 2000 ਰੁਪਏ ਪ੍ਰਤੀ ਡੋਜ਼ ਲੋਕਾਂ ਨੂੰ ਵੇਚੀ ਗਈ। ਉਹਨਾਂ ਕਹਾ ਕਿ ਇਹ ਸਪਸ਼ਟ ਹੈ ਕਿ ਭ੍ਰਿਸ਼ਟਾਚਾਰ ਦੇ ਹੋਰ ਵਾਂਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਭ੍ਰਿਸ਼ਟ ਮੰਤਰੀ ਦਾ ਬਚਾਅ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਕੇਸ ਵਿਚ ਨਿਆਂ ਹਾਸਲ ਕਰਨ ਦੀ ਮੰਗ ਕਰਦਿਆਂ ਲੋਕਾਂ ਨਾਲ ਰਲ ਕੇ ਮੰਤਰੀ ਦੀ ਰਿਹਾਇਸ਼ ਮੂਹਰੇ ਦੋ ਘੰਟੇ ਦਾ ਧਰਨਾ ਦੇਵੇਗਾ।
ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਸਾਰੇ ਮਾਮਲੇ ਬਾਰੇ ਅਣਜਾਣਤਾ ਪ੍ਰਗਟ ਕਰ ਰਹੇ ਹਨ ਅਤੇ 400 ਰੁਪਏ ਪ੍ਰਤੀ ਡੋਜ਼ ਪ੍ਰਾਪਤ ਹੋਈ ਵੈਕਸੀਨ 1060 ਰੁਪਏ ਪ੍ਰਤੀ ਡੋਜ਼ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਅਤੇ ਪ੍ਰਾਈਵੇਟ ਹਸਪਤਾਲਾਂ ਨੁੰ ਹੋਰ ਮੁਨਾਫਾ ਕਮਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਪਰਿਵਾਰਾਂ ਨੂੰ ਇਕ ਡੋਜ਼ ਲਈ 6 ਤੋਂ 9 ਹਜ਼ਾਰ ਰੁਪਏ ਤੱਕ ਖਰਚ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜੇਕਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਘੁਟਾਲਾ ਬੇਨਕਾਬ ਨਾ ਕੀਤਾ ਹੁੰਦਾ ਤਾਂ ਸ਼ਾਇਦ ਇਸ ਨਾਲੋਂ ਦੁੱਗਣੇ ਪੈਸੇ ਦੇਣੇ ਪੈਂਦੇ।
ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਪਾਰਟੀ ਨੇ ਕਿਹਾ ਕਿ ਇਸ ਘੁਟਾਲੇ ਨੇ ਸਮਾਜ ਦੇ ਗਰੀਬ ਤੇ ਕਮਜ਼ੋਰ ਲੋਕਾਂ ਲਈ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਮਨੁੱਖਤਾ ਖਿਲਾਫ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੁੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਕਿਹਾ ਕਿ ਕਾਂਗਰਸ ਸਰਕਾਰ ਇਹ ਮਾਮਲਾ ਸੀ ਬੀ ਆਈ ਜਾਂਚ ਵਾਸਤੇ ਨਹੀਂ ਭੇਜ ਰਹੀ ਅਤੇ 2022 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇਗੀ।

Spread the love