ਲੁਧਿਆਣਾ, 26 ਮਈ 2021 ਖੰਨਾ ਦੇ ਕੌਮੀ ਪੈਰਾ-ਕਰਾਟੇ ਐਥਲੀਟ ਤਰੁਣ ਸ਼ਰਮਾ ਦੀ ਮਦਦ ਲਈ ਅੱਗੇ ਆਉਂਦੇ ਹੋਏ ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਉਸਨੂੰੰ ਜਲਦ ਤੋਂ ਜਲਦ ਨੌਕਰੀ ਦੇਣ ਦੇ ਮਾਮਲੇ ਨੂੰ ਚੁੱਕਣਗੇ।
ਆਪਣੇ ਦਫਤਰ ਵਿਖੇ 5100 ਰੁਪਏ ਦੀ ਵਿੱਤੀ ਸਹਾਇਤਾ ਅਤੇ ਸਪੋਰਟਸ ਕਿੱਟ ਪ੍ਰਦਾਨ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਖਿਡਾਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਬੇਮਿਸਾਲ ਸਫਲਤਾ ਹਾਸਲ ਕਰਕੇ ਸੂਬੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਸ਼ਰਮਾ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਖੇਡ ਨੂੰ ਨਿਖਾਰਿਆ ਹੈ।
ਉਨ੍ਹਾਂ ਕਿਹਾ ਕਿ ਉਹ ਜਲਦ ਤੋਂ ਜਲਦ ਸ਼ਰਮਾ ਨੂੰ ਪੱਕੀ ਨੌਕਰੀ ਦੇਣ ਲਈ ਖੇਡ ਵਿਭਾਗ ਦੇ ਡਾਇਰੈਕਟਰ ਨਾਲ ਸਲਾਹ-ਮਸ਼ਵਰਾ ਕਰਨਗੇ ਤਾਂ ਜੋ ਉਹ ਆਪਣੀ ਸਿਖਲਾਈ ਜਾਰੀ ਰੱਖ ਸਕਣ ਅਤੇ ਖੇਡਾਂ ਦੇ ਖੇਤਰ ਵਿਚ ਸੂਬੇ ਅਤੇ ਦੇਸ਼ ਦਾ ਨਾਂ ਹੋਰ ਉੱਚਾ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਖੇਡ ਮੰਤਰੀ ਨੂੰ ਵੀ ਲਿਖਣਗੇ ਤਾਂ ਜੋ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਲਈ ਬਣਦੇ ਕਦਮ ਚੁੱਕੇ ਜਾ ਸਕਣ।
ਇਸ ਦੌਰਾਨ ਸ੍ਰੀ ਬਿੰਦਰਾ ਨੇ ਡੀ.ਬੀ.ਈ.ਈ. ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਫਿਲਹਾਲ ਸ਼ਰਮਾ ਲਈ ਢੁੱਕਵੀਂ ਨੌਕਰੀ ਦਾ ਪ੍ਰਬੰਧ ਕਰਨ।
ਉਨ੍ਹਾਂ ਉਮੀਦ ਜਤਾਈ ਕਿ ਸ਼ਰਮਾ ਦੀ ਸਖਤ ਮਿਹਨਤ ਉਨ੍ਹਾਂ ਦੇ ਲੱਖਾਂ ਸਾਥੀਆਂ ਨੂੰ ਪ੍ਰੇਰਿਤ ਕਰਨ ਲਈ ਰਾਹ ਦਸੇਰ ਬਣੇਗੀ ਜੋ ਖੇਡਾਂ ਦੇ ਖੇਤਰ ਵਿੱਚ ਉੱਤਮ ਬਣਨ ਲਈ ਸਖਤ ਮਿਹਨਤ ਤੇ ਕੋਸ਼ਿਸਾਂ ਕਰ ਰਹੇ ਹਨ।
ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੀ ਹੱਬ ਬਣਾਉਣ ਲਈ ਭਰਪੂਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਵਿਸ਼ਵ ਭਰ ਵਿੱਚ ਮੁਕਾਬਲਾ ਕਰ ਸਕਣ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਉਹ ਖੇਡ ਦੌਰਾਨ ਟੀਮ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਉੱਤਮ ਬਣਨ ਵਿਚ ਸਹਾਈ ਸਿੱਧ ਹੋ ਸਕਦਾ ਹੈ।