-ਮੁੱਖ ਮੰਤਰੀ ਵੱਲੋਂ ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਦੇ ਫੈਸਲੇ ਦਾ ਲਾਭ ਲੋੜਵੰਦਾਂ ਨੂੰ ਮਿਲਿਆ: ਲਾਭਪਾਤਰੀ
-ਐਸ.ਡੀ.ਐਮ. ਚਰਨਜੀਤ ਸਿੰਘ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ
ਪਟਿਆਲਾ, 28 ਅਕਤੂਬਰ 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਲਈ ਅੱਜ ਪਟਿਆਲਾ ਜ਼ਿਲ੍ਹੇ ‘ਚ ਸੁਵਿਧਾ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਦੇਖ-ਰੇਖ ‘ਚ ਪਟਿਆਲਾ ਦੇ ਬਹਾਵਲਪੁਰ ਪੈਲੇਸ, ਰੋਟਰੀ ਕਲੱਬ ਨਾਭਾ, ਅਗਰਵਾਲ ਧਰਮਸ਼ਾਲਾ ਸਮਾਣਾ ਤੇ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਲੱਗੇ ਸੁਵਿਧਾ ਕੈਂਪਾਂ ਦਾ ਉਥੇ ਪੁੱਜੇ ਵੱਡੀ ਗਿਣਤੀ ਲਾਭਪਾਤਰੀਆਂ ਨੇ ਲਾਭ ਉਠਾਇਆ।
ਹੋਰ ਪੜ੍ਹੋ :-ਸਬ-ਡਵੀਜ਼ਨ ਪੱਧਰ ’ਤੇ ਲੱਗੇ ਵਿਸ਼ੇਸ਼ ਸੁਵਿਧਾ ਕੈਂਪਾਂ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ ਲਾਭ
ਪਟਿਆਲਾ ਦੇ ਬਹਾਵਲਪੁਰ ਪੈਲੇਸ, ਪੁਲਿਸ ਲਾਇਨ ਵਿਖੇ ਲਗਾਏ ਕੈਂਪ ਦਾ ਜਾਇਜ਼ਾ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੇ ਲਿਆ ਤੇ ਪੈਨਸ਼ਨਾਂ ਅਤੇ ਹੋਰ ਸਰਕਾਰੀ ਸਕੀਮਾਂ ਦੇ ਲਾਭ ਦੇਣ ਦੇ ਸਰਟੀਫਿਕੇਟ ਵੀ ਲਾਭਪਾਤਰੀਆਂ ਨੂੰ ਤਕਸੀਮ ਕੀਤੇ। ਐਸ.ਡੀ.ਐਮ. ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ‘ਚ ਪਟਿਆਲਾ ਸਬ ਡਵੀਜ਼ਨ ਅਧੀਨ ਆਉਂਦੇ ਇਲਾਕਿਆਂ ਦੇ ਲੋੜਵੰਦਾਂ ਨੇ ਅਰਜ਼ੀਆਂ ਦਿੱਤੀਆਂ ਹਨ ਜਦੋਂਕਿ ਸਰਕਾਰ ਨੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਲੋਕਾਂ ਤੱਕ ਸਿੱਧੀ ਪਹੁੰਚ ਕੀਤੀ ਹੈ।
ਕੈਂਪ ‘ਚ ਆਏ ਪਿੰਡ ਤਰੈ ਦੇ ਨਿਰੰਜਣ ਸਿੰਘ ਨੇ ਸੁਵਿਧਾ ਕੈਂਪ ‘ਚ ਮਿਲਣ ਵਾਲੀਆਂ ਸੇਵਾਵਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਦੇ ਲਏ ਫੈਸਲੇ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਿਆ ਹੈ ਤੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਸਬੰਧੀ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ।
ਕੈਂਪ ਦੌਰਾਨ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ), ਘਰ ਦੀ ਸਥਿਤੀ (ਕੱਚਾ/ਪੱਕਾ) ਪੀ.ਐਮ.ਏ.ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ ਬਨਾਉਣ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਦੀ ਸਕਾਲਰਸ਼ਿਪ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ਬੈਂਕ ਫਿੰਕੋ ਤੋਂ ਕਰਜਾ, ਬਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜ਼ਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਮੁਆਫ਼ੀ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ./ਨਕਸ਼ੇ ਆਦਿ ਸਬੰਧੀ ਵੱਖ ਵੱਖ ਵਿਭਾਗਾਂ ਨੇ ਆਪਣੇ ਕਾਊਂਟਰ ਲਗਾਕੇ ਲੋੜਵੰਦਾਂ ਦੇ ਫਾਰਮ ਭਰੇ ਅਤੇ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਮੌਕੇ ‘ਤੇ ਹੀ ਪ੍ਰਦਾਨ ਕੀਤੇ।
ਕੈਂਪ ਦੌਰਾਨ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਟਾਲ ਲਗਾਕੇ ਨਵੀਂਆਂ ਵੋਟਾਂ ਬਣਾਉਣ, ਸੁਧਾਈ ਕਰਵਾਉਣ ਸਮੇਤ ਵੋਟਰ ਹੈਲਪਲਾਈਨ ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਵਰਿੰਦਰ ਸਿੰਘ ਟਿਵਾਣਾ, ਸਵੀਪ ਦੇ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਕਰਮਚਾਰੀ ਤੇ ਵੱਡੀ ਗਿਣਤੀ ਲਾਭਪਾਤਰੀ ਮੌਜੂਦ ਸਨ।
ਕੈਪਸ਼ਨ- ਪਟਿਆਲਾ ਦੇ ਬਹਾਵਲਪੁਰ ਪੈਲੇਸ ਵਿਖੇ ਸੁਵਿਧਾ ਕੈਂਪ ਦੌਰਾਨ ਲਾਭਪਾਤਰੀ ਫਾਰਮ ਭਰਦੇ ਹੋਏ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 29 ਅਕਤੂਬਰ ਨੂੰ ਸੁਵਿਧਾ ਕੈਂਪ ਨਗਰ ਪੰਚਾਇਤ ਦਫ਼ਤਰ, ਭਾਦਸੋਂ, ਫ਼ਤਿਹਗੜ੍ਹ ਚੰਨਾਂ ਸਮਾਣਾ, ਢਿੱਲੋਂ ਪੈਲੇਸ, ਸੰਗਰੂਰ ਕੈਂਚੀਆਂ, ਪਾਤੜਾਂ ਤੇ ਪਿੰਡ ਮਸੀਂਗਣ ਦੀ ਧਰਮਸ਼ਾਲਾ ਨੇੜੇ ਸਰਕਾਰੀ ਹਾਈ ਸਕੂਲ ਵਿਖੇ ਲਗਾਏ ਜਾ ਰਹੇ ਹਨ।