ਪਟਿਆਲਾ, 29 ਅਕਤੂਬਰ 2021
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਾਰੀਆਂ ਸਹੂਲਤਾਂ ਦੇਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਸੁਵਿਧਾ ਕੈਂਪ ‘ਚ ਪਟਿਆਲਾ ਜ਼ਿਲ੍ਹੇ ‘ਚ ਸਬ ਡਵੀਜ਼ਨ ਪੱਧਰ ‘ਤੇ ਦੋ ਦਿਨਾਂ ਦੌਰਾਨ ਲਗਾਏ 9 ਕੈਂਪਾਂ ਦਾ ਹਜ਼ਾਰਾਂ ਲੋਕਾਂ ਨੇ ਲਾਭ ਉਠਾਇਆ ਹੈ।
ਹੋਰ ਪੜ੍ਹੋ :-‘ਆਪ’ ਦੀ ਸਰਕਾਰ ਬਣਨ ‘ਤੇ ਹਰ ਵਪਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ-ਅਰਵਿੰਦ ਕੇਜਰੀਵਾਲ
ਸੁਵਿਧਾ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 28 ਤੇ 29 ਅਕਤੂਬਰ ਨੂੰ ਸਬ ਡਵੀਜ਼ਨ ਪੱਧਰ ‘ਤੇ ਲਗਾਏ ਕੈਂਪਾਂ ‘ਚ ਲੋਕਾਂ ਦੇ 5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਘਰਾਂ ਵਿਚ ਪਖਾਨੇ, ਐਲ.ਪੀ.ਜੀ. ਗੈਸ ਕੁਨੈਕਸ਼ਨ, ਐਸ.ਸੀ./ਬੀ.ਸੀ. ਕਾਰਪੋਰੇਸ਼ਨਾਂ ਦੇ ਲੋਨ, 2 ਕਿਲੋਵਾਟ ਦੇ ਬਿਜਲੀ ਬਿੱਲਾਂ ਦੇ ਬਕਾਇਆਂ ਦੀ ਮੁਆਫ਼ੀ, ਕੱਚੇ-ਪੱਕੇ ਮਕਾਨ ਦੀ ਸਹੂਲਤ, ਬਿਜਲੀ ਕੁਨੈਕਸ਼ਨ, ਅਸ਼ੀਰਵਾਦ ਸਕੀਮ ਆਦਿ ਭਲਾਈ ਸਕੀਮਾਂ ਦੇ ਫਾਰਮ ਮੌਕੇ ‘ਤੇ ਹੀ ਭਰੇ ਗਏ। ਲਾਭਪਾਤਰੀਆਂ ਨੂੰ ਮਗਨਰੇਗਾ ਜ਼ਾਬ ਕਾਰਡ, ਬੱਸ ਪਾਸ, ਯੂ.ਡੀ.ਆਈ.ਡੀ. ਕਾਰਡ, ਵੱਖ-ਵੱਖ ਪੈਨਸ਼ਨਾਂ ਦੀ ਪ੍ਰਵਾਨਗੀ ਆਦਿ ਸਹੂਲਤਾਂ ਸਬੰਧੀ ਮੌਕੇ ‘ਤੇ ਹੀ ਦਸਤਾਵੇਜ਼ ਲਾਭਪਾਤਰੀਆਂ ਨੂੰ ਸੌਂਪੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਪਟਿਆਲਾ ਦੇ ਬਹਾਵਲਪੁਰ ਪੈਲੇਸ, ਰੋਟਰੀ ਕਲੱਬ ਨਾਭਾ, ਨਗਰ ਪੰਚਾਇਤ ਦਫ਼ਤਰ ਭਾਦਸੋਂ, ਅਗਰਵਾਲ ਧਰਮਸ਼ਾਲਾ, ਸਮਾਣਾ, ਹੀਰਾ ਪੈਲੇਸ ਕੁਤਬਨਪੁਰ ਸਮਾਣਾ, ਮਿੰਨੀ ਸਕੱਤਰੇਤ ਰਾਜਪੁਰਾ, ਯੂਨੀਵਰਸਿਟੀ ਕਾਲਜ ਘਨੌਰ, ਢਿੱਲੋਂ ਪੈਲੇਸ, ਸੰਗਰੂਰ ਕੈਂਚੀਆਂ ਪਾਤੜਾਂ, ਪਿੰਡ ਮਸੀਂਗਣ ਦੀ ਧਰਮਸ਼ਾਲਾ ਵਿਖੇ ਸੁਵਿਧਾ ਕੈਂਪ ਲਗਾਏ ਗਏ ਹਨ, ਜਿਥੇ ਪਹੁੰਚਕੇ ਹਜ਼ਾਰਾਂ ਲਾਭਪਾਤਰੀਆਂ ਨੇ ਫਾਰਮ ਭਰੇ ਅਤੇ ਬਿਨ੍ਹਾਂ ਵੈਰੀਫਿਕੇਸ਼ਨ ਵਾਲੀਆਂ ਸੇਵਾਵਾਂ ਦਾ ਮੌਕੇ ‘ਤੇ ਹੀ ਲਾਭ ਪ੍ਰਾਪਤ ਕੀਤਾ ਹੈ।
ਕੈਂਪ ਦੌਰਾਨ ਪੈਨਸ਼ਨ ਦੀ ਸਹੂਲਤ ਪ੍ਰਾਪਤ ਕਰਨ ਆਏ ਪਟਿਆਲਾ ਦੇ ਲਾਭਪਾਤਰੀ ਸੰਤ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਲਗਾਏ ਗਏ ਇਨ੍ਹਾਂ ਸੁਵਿਧਾ ਕੈਂਪਾਂ ਨੇ ਹਜ਼ਾਰਾਂ ਲੋਕਾਂ ਨੂੰ ਆਸਾਨ ਢੰਗ ਨਾਲ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ।
ਕੈਪਸ਼ਨ: ਸੁਵਿਧਾ ਕੈਂਪ ਦੌਰਾਨ ਲਾਭਪਾਤਰੀ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ।