
ਰੂਪਨਗਰ 31 ਜਨਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਦੇ ਅੰਦਰ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਅਲੱਗ ਅਲੱਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਮੁਹਿੰਮ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੇ ਸਵੀਪ ਨੋਡਲ ਅਫਸਰ ਰਣਜੀਤ ਸਿੰਘ ਦੇ ਦੁਆਰਾ ਲਿਖੇ ਅਤੇ ਗਾਏ ਗੀਤ ਦਾ ਵੀਡੀਓ ਅੱਜ ਜ਼ਿਲ੍ਹਾ ਚੋਣਕਾਰ ਅਫ਼ਸਰ ਡੀ ਸੀ ਸੋਨਾਲੀ ਗਿਰੀ ਦੀ ਅਗਵਾਈ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਦੇਖਿਆ ਗਿਆ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਸਵੀਪ ਨੋਡਲ ਅਫਸਰ ਰਣਜੀਤ ਸਿੰਘ ਵੱਲੋਂ ਕੀਤੇ ਇਸ ਉਪਰਾਲੇ ਦੀ ਜ਼ਿਲ੍ਹਾ ਚੋਣਕਾਰ ਅਫਸਰ ਡੀ ਸੀ ਸੋਨਾਲੀ ਗਿਰੀ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹੋ ਜਿਹੇ ਉਪਰਾਲੇ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ, ਬਿਨਾਂ ਕਿਸੇ ਲੋਭ ਅਤੇ ਡਰ ਦੇ ਆਪਣੀ ਆਪਣੀ ਵੋਟ ਪਾਉਣ, ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਦੇ ਵੋਟਰਾਂ ਨੂੰ ਆਪਣੇ ਮਤਦਾਨ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹੋ ਜਿਹੇ ਜਾਗਰੂਕਤਾ ਗੀਤਾਂ ਨੂੰ ਲੋਕਲ ਕੇਬਲ ਚੈਨਲ ਦੇ ਉੱਤੇ ਅਤੇ ਹੋਰ ਪ੍ਰਮੁੱਖ ਥਾਵਾਂ ਦੇ ਉੱਤੇ ਐਲਈਡੀ ਦੁਆਰਾ ਦਰਸਾਇਆ ਜਾਵੇ ਤਾਂ ਜੋ ਵੋਟਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਗੌਰਤਲਬ ਹੈ ਕਿ ਸਵੀਪ ਨੋਡਲ ਅਫਸਰ ਰਣਜੀਤ ਸਿੰਘ ਦੇ ਦੁਆਰਾ ਇਸ ਤੋਂ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਲਈ, ਸਵੱਛ ਭਾਰਤ ਅਭਿਆਨ ਦੇ ਤਹਿਤ, ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ, ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਕਈ ਹੋਰ ਸਮਾਜਿਕ ਮੁੱਦਿਆਂ ਉਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਗੀਤ ਗਾਏ ਹਨ। ਇਸ ਮੌਕੇ ਏਡੀਸੀ ਦੀਪਸ਼ਿਖਾ ਸਹਾਇਕ ਕਮਿਸ਼ਨਰ(ਜ) , ਸੁਮਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਵੀਪ, ਸਵੀਪ ਆਈਕੌਨ ਖੁਸ਼ੀ ਸੈਣੀ, ਨਵਤੇਜ ਸਿੰਘ ਚੀਮਾ, ਡੀ ਐਸ ਓ ਰੂਪੇਸ਼ ਕੁਮਾਰ ਸਮੇਤ ਵੱਡੀ ਗਿਣਤੀ ਦੇ ਵਿਚ ਅਧਿਕਾਰੀ ਹਾਜ਼ਰ ਸਨ।