ਬੇਕਰੀ ਦਾ ਬਾਸੀ ਸਮਾਨ ਨਸ਼ਟ ਕਰਵਾਇਆ
ਤਿਉਹਾਰਾਂ ਦੌਰਾਨ ਮਿਲਾਵਟੀ ਚੀਜ਼ਾਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਅਧਿਕਾਰੀ
ਮੋਹਾਲੀ, 30 ਅਕਤੂਬਰ 2021
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਖਰੜ ਅਤੇ ਕੁਰਾਲੀ ਇਲਾਕੇ ਵਿਚਲੀਆਂ ਵੱਖ ਵੱਖ ਮਠਿਆਈ ਦੀਆਂ ਦੁਕਾਨਾਂ ਅਤੇ ਬੇਕਰੀਆਂ ’ਚ ਅਚਨਚੇਤ ਚੈਕਿੰਗ ਕੀਤੀ ਅਤੇ ਵੱਖ-ਵੱਖ ਵਸਤਾਂ ਦੇ 10 ਸੈਂਪਲ ਭਰੇ। ਦੋ ਬੇਕਰੀਆਂ ਦੇ ਚਲਾਨ ਵੀ ਕੀਤੇ ਗਏl ਫ਼ੂਡ ਸੇਫ਼ਟੀ ਅਧਿਕਾਰੀ ਲਵਪ੍ਰੀਤ ਸਿੰਘ ਅਤੇ ਅਨਿਲ ਵਰਮਾ ਨੇ ਦਸਿਆ ਕਿ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਦੀਆਂ ਹਦਾਇਤਾਂ ’ਤੇ ਫ਼ੂਡ ਸੇਫ਼ਟੀ ਟੀਮ ਨੇ ਮਠਿਆਈਆਂ ਦੀ ਗੁੁਣਵੱਤਾ ਅਤੇ ਮਿਆਦ ਜਾਂਚੀ ਤੇ ਨਾਲ ਹੀ ਦੁਕਾਨਦਾਰਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਭਧ ਕਰਾਉਣ ਦੇ ਉਦੇਸ਼ ਨਾਲ ਲਗਾਤਾਰ ਚੈਕਿੰਗ ਕੀਤੀ ਜਾ ਂਰਹੀ ਹੈ। ਤਾਜ਼ਾ ਜਾਂਚ ਖਰੜ ਦੇ ਲਾਂਡਰਾਂ, ਸਿਵਲ ਹਸਪਤਾਲ ਅਤੇ ਬਡਾਲਾ ਰੋਡ ਅਤੇ ਕੁਰਾਲੀ ਤੇ ਖਿਜ਼ਰਾਬਾਦ ਵਿਚ ਪੈਂਦੀਆਂ ਦੁਕਾਨਾਂ ਵਿਚ ਕੀਤੀ ਗਈl
ਖਿਜ਼ਰਾਬਾਦ ਵਿਚ ਇਕ ਦੁਕਾਨ ਦਾ ਚਲਾਨ ਕਟਿਆ ਗਿਆ ਤੇ ਸੈਂਪਲ ਵੀ ਭਰੇ ਗਏl ਖਰੜ ਦੀ ਇਕ ਬੇਕਰੀ ਦੇ ਬਾਸੀ ਸਮਾਨ ਦੇ 100 ਪੈਕਟ ਮੌਕੇ ਤੇ ਨਸ਼ਟ ਕੀਤੇ ਗਏl ਅਧਿਕਾਰੀਆਂ ਨੇ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮਿਲਾਵਟੀ, ਬੇਮਿਆਰੀ ਅਤੇ ਮਿਆਦ-ਪੁੱਗੀਆਂ ਮਠਿਆਈਆਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ।
ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਕਾਰੋਬਾਰੀਆਂ ਨੂੰ ਮਠਿਆਈਆਂ ਦੀ ਟਰੇਅ ਉਤੇ ਮਠਿਆਈਆਂ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਦਰਸਾਉਣ ਦੀ ਵੀ ਹਦਾਇਤ ਕੀਤੀ ਗਈ l
ਟੀਮ ਨੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂੰ ਕਰਾਇਆ। ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿਚ ਬਹੁਤੀ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ। ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਲਈ ਵੀ ਆਖਿਆ ਗਿਆ। ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿਤੀ ਗਈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ ਗਿਆ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ।
ਫ਼ੋਟੋ ਕੈਪਸ਼ਨ : ਨਸ਼ਟ ਕੀਤਾ ਸਮਾਨl