ਰੂਪਨਗਰ, 21 ਮਾਰਚ 2022
ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ 108 ਐਂਬੂਲੈਂਸ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਦਾ ਨੋਟਿਸ ਲੈਂਦਿਆਂ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੁਪਿੰਦਰ ਸਿੰਘ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਮੈਸਰਜ਼ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ।
ਹੋਰ ਪੜ੍ਹੋ :-ਆਈ.ਟੀ.ਆਈ (ਲੜਕੀਆਂ) ਨੂੰ ਦਿੱਤੀ ਗਈ ਕਰੀਅਰ ਗਾਈਡੈਂਸ
ਸ਼੍ਰੀ ਚੱਢਾ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਰੋਪੜ ਦੇ ਵੱਖ-ਵੱਖ ਹਸਪਤਾਲਾਂ ਵਿੱਚ 108 ਐਂਬੂਲੈਂਸਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਜਿੱਥੇ 108 ਐਂਬੂਲੈਂਸਾਂ ਵਿੱਚ ਵੱਡੀਆਂ ਕਮੀਆਂ ਪਾਈਆਂ ਗਈਆਂ। ਸਰਕਾਰੀ ਹਸਪਤਾਲ ਸਿੰਘਪੁਰ (ਨੂਰਪੁਰ ਬੇਦੀ) ਵਿੱਚ ਰੱਖੀ 108 ਐਂਬੂਲੈਂਸ ਵਿੱਚ ਆਕਸੀਜਨ ਦੀ ਪਾਈਪ ਹੀ ਨਹੀਂ ਹੈ ਜਦਕਿ ਇਸ ਐਂਬੂਲੈਂਸ ਦੀ ਮਕੈਨੀਕਲ ਸਰਵਿਸ ਵੀ ਕਾਫੀ ਸਮੇਂ ਤੋਂ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਬਲਾਕ ਨੂਰਪੁਰ ਬੇਦੀ ਦੀ ਐਂਬੂਲੈਂਸ ਵੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਲਈ ਵਰਤੀ ਜਾਂਦੀ ਹੈ ਕਿਉਂਕਿ ਸਰਕਾਰੀ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੀ 108 ਐਂਬੂਲੈਂਸ ਕੁਝ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਪਰ ਕੰਪਨੀ ਵੱਲੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ, ਰੋਪੜ ਦੀ ਐਂਬੂਲੈਂਸ ਵੀ ਆਕਸੀਜਨ ਪਾਈਪਾਂ ਤੋਂ ਬਿਨਾਂ ਸੀ ਅਤੇ ਇੱਥੋਂ ਤੱਕ ਕਿ ਇਸ ਦੇ ਟਾਇਰ ਅਤੇ ਹਾਲਾਤ ਬਹੁਤ ਹੀ ਖ਼ਤਰਨਾਕ ਹਾਲਤ ਵਿੱਚ ਸਨ ਜੋ ਕਿ ਮੈਸਰਜ਼ ਜ਼ੀਕਿਟਤਜ਼ਾ ਹੈਲਥ ਕੇਅਰ ਲਿਮਟਿਡ ਦੇ ਪ੍ਰਬੰਧਕਾਂ ਦੀ ਅਣਗਹਿਲੀ ਨੂੰ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਅਥਾਰਟੀ ਨੇ ਐਂਬੂਲੈਂਸਾਂ ਦੀ ਰੁਟੀਨ ਜਾਂਚ ਨਹੀਂ ਕੀਤੀ ਅਤੇ ਨਾ ਹੀ ਇਸ ਕੰਪਨੀ ਵਿਰੁੱਧ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਦਾ ਸਪੱਸ਼ਟ ਮਾਮਲਾ ਹੈ ਜੋ ਕਿ ਜਨਤਾ ਦੀਆਂ ਜਾਨਾਂ ਨਾਲ ਖੇਡ ਰਹੀ ਹੈ।