ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਹੋਏ ਅਧਿਆਪਕ ਸੰਜੇ ਕੁਮਾਰ

ਵਿਦਿਆਰਥੀਆਂ ਦੀ ਪੜਾਈ ਦੇ ਨਾਲ ਨਾਲ ਦਿਵਿਆਂਗ ਵਿਅਕਤੀਆਂ ਲਈ ਕਰ ਰਹੇ ਹਨ ਵਿਸ਼ੇਸ਼ ਉਪਰਾਲੇ
ਫ਼ਾਜਿਲਕਾ, 4 ਦਸੰਬਰ :- 

ਜ਼ਿਲੇ ਦੇ ਪਿੰਡ ਬਾਂਡੀਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਹਿੰਦੀ ਅਧਿਆਪਕ ਸੰਜੇ ਕੁਮਾਰ ਨੂੰ ਵਿਸ਼ਵ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬਾਂਡੀਵਾਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਬਤੌਰ ਹਿੰਦੀ ਅਧਿਆਪਕ ਸੇਵਾਵਾਂ ਦੇ ਰਹੇ ਸੰਜੇ ਕੁਮਾਰ ਦਿਵਿਆਂਗ ਸ਼੍ਰੇਣੀ ਵਿਚ ਆਉਂਦੇ ਹਨ। ਇਸ ਦੌਰਾਨ ਜਿਲਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਨੇ ਸੰਜੇ ਕੁਮਾਰ ਨੂੰ ਅਵਾਰਡ ਮਿਲਣ ‘ਤੇ ਵਧਾਈ ਦਿੰਦਿਆਂ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਉਨਾਂ ਵਲੋਂ ਪਿੱਛਲੇ 20 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਦੇ ਕੰਮਾਂ ਵਿਚ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਕੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਹੈ। ਇੰਨਾਂ ਵਿਲੱਖਣ ਸੇਵਾਵਾਂ ਦੇ ਬਦਲੇ 3 ਦਸੰਬਰ ਨੂੰ ਮਲੇਰਕੋਟਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਮਤੀ ਰਜੀਆ ਸੁਲਤਾਨ, ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤ, ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ ਖਰਬੰਦਾ, ਮਲੇਕੋਟਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਵਲੋਂ ਸੰਜੇ ਕੁਮਾਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਰਜੀਆ ਸੁਲਤਾਨਾ ਨੇ ਕਿਹਾ ਕਿ ਸਮਾਜ ਦੀ ਆਰਥਿਕ, ਸਮਾਜਿਕ ਅਤੇ ਖੇਡਾਂ ਦੇ ਖੇਤਰ ਵਿਚ ਦਿਵਿਆਂਗ ਵਿਅਕਤੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਈ ਵਿਸ਼ੇਸ਼ ਯੋਜ਼ਨਾਵਾਂ ਚਲਾਈ ਜਾ ਰਹੀਆਂ ਹਨ।
ਸਨਮਾਨ ਮਿਲਣ ’ਤੇ ਅਧਿਆਪਕ ਸੰਜੇ ਕੁਮਾਰ ਨੇ ਵਿਭਾਗ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਉਹ ਆਪਣੇ ਕਾਰਜ ਇਸ ਤਰਾਂ ਹੀ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਬਲਾਕ ਅਤੇ ਜ਼ਿਲਾ ਪੱਧਰ ਤੇ ਵੀ ਉਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਉਨਾਂ ਦੇ ਨਾਲ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਫਾਜ਼ਿਲਕਾ ਤੋਂ ਜ਼ਿਲਾ ਨੋਡਲ ਅਫ਼ਸਰ ਡੈਪੋ ਬਡੀ ਵਿਜੈ ਪਾਲ , ਅਧਿਆਪਕ ਰਾਮ ਸਰੂਪ, ਅਧਿਆਪਕ ਸਮਸ਼ੇਰ ਸਿੰਘ, ਅਮਨਦੀਪ ਢਾਕਾ, ਰਵਿੰਦਰ ਢਾਕਾ, ਬਲਰਾਜ ਸਿੱਧੂ, ਰਮਨ ਢਾਕਾ ਆਦਿ ਹਾਜ਼ਰ ਸਨ।