ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਰਾਹੀਂ ਕਿਸਮਤ ਸੰਵਾਰਨ ‘ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੇ ਹਨ – ਡਿਪਟੀ ਕਮਿਸ਼ਨਰ ਸੁਰਭੀ ਮਲਿਕ
— ਬੀਤੀ ਸ਼ਾਮ ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਸਲਾਨਾ ਦਿਵਸ ਸਮਾਗਮ ‘ਚ ਕੀਤੀ ਸ਼ਿਰਕਤ
—- ਸਮਾਗਮ ਮੌਕੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ
ਲੁਧਿਆਣਾ, 06 ਨਵੰਬਰ – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਦੇ ਕੇ ਉਨ੍ਹਾਂ ਦੀ ਕਿਸਮਤ ਸੰਵਾਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਹਾਈ ਸਿੱਧ ਹੁੰਦੀ ਹੈ।
ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਬੀਤੀ ਸ਼ਾਮ ਸਥਾਨਕ ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦਕਿ ਚੰਡੀਗੜ੍ਹ ਦੀ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵਿਸ਼ੇਸ਼ ਮਹਿਮਾਨ ਸਨ। ਇਸ ਸਮਾਗਮ ਵਿੱਚ ਐਸ.ਐਸ.ਪੀ. ਰੋਪੜ ਡਾ. ਸੰਦੀਪ ਗਰਗ ਵਲੋਂ ਵੀ ਸ਼ਿਰਕਤ ਕੀਤੀ ਗਈ।
ਇਸ ਸਲਾਨਾ ਸਮਾਗਮ ਦਾ ਵਿਸ਼ਾ ਸੀ ISEKAI- ਜਿਸਦਾ ਅਰਥ ਹੈ ਵਿਭਿੰਨ ਬ੍ਰਹਿਮੰਡਾਂ ਦਾ ਤਾਲਮੇਲ, ਇਸਦੇ ਅਨੁਸਾਰ ਇਹ ਦੱਸਿਆ ਗਿਆ ਕਿ ਅੱਜ ਦਾ ਮਨੁੱਖ ਅਸਲ ਜੀਵਨ ਤੋਂ ਸੰਤੁਸ਼ਟ ਨਹੀਂ ਹੈ ਪਰ ਉਹ ਕਿਸੇ ਨਾ ਕਿਸੇ ਕਾਲਪਨਿਕ ਸੰਸਾਰ ਵਿੱਚ ਘੁੰਮਦਾ ਰਹਿੰਦਾ ਹੈ ਅਤੇ ਵਿਕਲਪਕ ਸੰਸਾਰ ਵਿੱਚ ਅੰਦਰੂਨੀ ਮਨੁੱਖੀ ਇੱਛਾਵਾਂ ਦੀ ਪੂਰਤੀ ਰਾਹੀਂ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਰੰਗਾਰੰਗ ਸਮਾਗਮ ਵਿੱਚ ਸਕੂਲ ਦੇ ਐਲ.ਕੇ.ਜੀ. ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਪੇਸ਼ਕਾਰੀ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਵਿਸ਼ੇਸ਼ ਮਹਿਮਾਨ ਕੈਰੋਲੀਨ ਰੋਵੇਟ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।
ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਮੁੱਖ ਮਹਿਮਾਨ ਨੇ ਆਪਣੇ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਹ ਸਾਰਾ ਸਮਾਗਮ ਸਕੂਲ ਦੇ ਮੈਨੇਜਰ ਸਿਸਟਰ ਸ਼ੈਂਟਲ, ਪ੍ਰਿੰਸੀਪਲ ਸਿਸਟਰ ਸ਼ਾਂਤੀ ਡਿਸੂਜ਼ਾ ਵਾਈਸ ਪ੍ਰਿੰਸੀਪਲ ਸਿਸਟਰ ਸ਼ਾਂਤੀ ਬੀ.ਐਸ. ਅਤੇ ਸਮੂਹ ਸਟਾਫ ਦੇ ਅਣਥੱਕ ਯਤਨਾਂ ਸਦਕਾ ਸੰਪੂਰਨ ਹੋਇਆ। ਸਮਾਗਮ ਦੀ ਸਮਾਪਤੀ ਇੱਕ ਗ੍ਰੈਂਡ ਫਿਨਾਲੇ ਨਾਲ ਹੋਈ। ਸਮਾਗਮ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਜੋਸ਼ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।