ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ
ਫਾਜਿ਼ਲਕਾ, 27 ਅਕਤੂਬਰ 2021
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੇ ਮੱਦੇਨਜਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਵਿਚ ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਦੇਣ ਲਈ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡ੍ਰਾਅ ਕੱਢੇ ਗਏ। ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਹਾਜਰੀ ਵਿਚ ਕੱਢੇ ਗਏ ਇੰਨ੍ਹਾਂ ਡ੍ਰਾਅ ਅਨੁਸਾਰ ਅਬੋਹਰ ਵਿਖੇ 25, ਜਲਾਲਾਬਾਦ ਤੇ ਫਾਜਿ਼ਲਕਾ ਲਈ 18-18 ਅਤੇ ਅਰਨੀਵਾਲਾ ਲਈ 6 ਲਾਈਸੈਂਸ ਜਾਰੀ ਕੀਤੇ ਗਏ।
ਹੋਰ ਪੜ੍ਹੋ :-ਵਿਦੇਸ਼ ਯਾਤਰਾ ਸਬੰਧੀ ਸ਼ਿਕਾਇਤਾਂ ਲਈ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਣਿਆ ਨੋਡਲ ਪੁਆਇੰਟ: ਡਿਪਟੀ ਕਮਿਸ਼ਨ ਸੋਨਾਲੀ ਗਿਰੀ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੇਵਲ ਗਰੀਨ ਸ਼੍ਰੇਣੀ ਦੇ ਪਟਾਖਿਆਂ ਦੀ ਹੀ ਵਿਕਰੀ ਕੀਤੀ ਜਾਣੀ ਹੈ ਅਤੇ ਲੜੀਆਂ ਵਾਲੇ ਪਟਾਖਿਆਂ ਦੀ ਵਿਕਰੀ ਨਹੀਂ ਹੋ ਸਕੇਗੀ। ਇਸੇ ਤਰਾਂ ਹਾਨੀਕਾਰਕ ਰਸਾਇਣਾ ਤੋਂ ਬਣੇ ਪਟਾਖਿਆਂ ਦੀ ਵਿਕਰੀ ਵੀ ਨਹੀਂ ਹੋ ਸਕੇਗੀ। ਵਿਕਰੀ ਨਿਰਧਾਰਤ ਥਾਂਵਾਂ ਤੇ ਹੀ ਹੋ ਸਕੇਗੀ ਅਤੇ ਵਿਕਰੀ ਵਾਲੀ ਥਾਂ ਤੇ ਸਾਰੇ ਸੁਰੱਖਿਆ ਉਪਾਅ ਕਰਨੇ ਲਾਜਮੀ ਹੋਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਦੀਵਾਲੀ ਮੌਕੇ 4 ਨਵੰਬਰ 2021 ਨੂੰ ਰਾਤ 8 ਤੋਂ 10 ਵਜੇ ਤੱਕ ਹੀ ਪਟਾਖੇ ਚਲਾਏ ਜਾ ਸਕਦੇ ਹਨ। ਗੁਰਪੁਰਬ ਮੌਕੇ ਮਿਤੀ 19 ਨਵੰਬਰ 2021 ਨੂੰ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ, ਕ੍ਰਿਸਮਿਸ ਮੌਕੇ 25-26 ਦਸੰਬਰ ਦੀ ਰਾਤ ਨੂੰ 11:55 ਤੋਂ 12:30 ਵਜੇ ਤੱਕ ਅਤੇ ਨਵੇਂ ਸਾਲ ਮੌਕੇ 31 ਦਸੰਬਰ ਅਤੇ 1 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਖੇ ਚਲਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ, ਅਬੋਹਰ ਵਿਖੇ ਪੁੱਡਾ ਕਲੌਨੀ, ਫਾਜਿ਼ਲਕਾ ਰੋਡ ਅਬੋਹਰ, ਜਲਾਲਾਬਾਦ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਅਤੇ ਅਰਨੀਵਾਲਾ ਸੇਖਸੁਭਾਨ ਵਿਖੇ ਥਾਣਾ ਅਰਨੀਵਾਲਾ ਦੇ ਨਾਲ ਲੱਗਦੀ ਪੰਚਾਇਤੀ ਜਮੀਨ ਦੇ ਲਾਇੰਸੈਂਸ ਧਾਰਕ ਸਟਾਲ ਸਥਾਪਿਤ ਕਰ ਸਕਣਗੇ।
ਇਸ ਮੌਕੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਜਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਬਰਿੰਦਰ ਸਿੰਘ ਵੀ ਹਾਜਰ ਸਨ। ਇਸ ਮੌਕੇ ਡ੍ਰਾਅ ਲਈ ਅਰਜੀਆਂ ਦੇਣ ਵਾਲੇ ਲੋਕਾਂ ਦੇ ਸਾਹਮਣੇ ਉਨ੍ਹਾਂ ਵਿਚੋਂ ਹੀ ਬੁਲਾ ਕੇ ਪਰਚੀਆਂ ਕੱਢ ਕੇ ਡ੍ਰਾਅ ਕੱਢੇ ਗਏ ਸਨ।