Terror Funding: ਪਾਕਿਸਤਾਨ ਨੂੰ ਸਭ ਤੋਂ ਤਕੜਾ ਝਟਕਾ, FATF ਨੇ ਕੀਤਾ ਬਲੈਕ ਲਿਸਟ

ਨਵੀਂ ਦਿੱਲੀ: ਪਾਕਿਸਤਾਨ ਨੂੰ ਹੁਣ ਤਕ ਦਾ ਸਭ ਤੋਂ ਤਕੜਾ ਝਟਕਾ ਲੱਗਾ ਹੈ। ਟੇਰਰ ਫੰਡਿੰਗ ‘ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਐੱਫਏਟੀਐੱਫ ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ (Asia Pacific Group, APG) ਨੇ ਸ਼ੁੱਕਰਵਾਰ ਨੂੰ ਟੇਰਰ ਫੰਡਿੰਗ ‘ਤੇ ਲਗਾਮ ਲਗਾਉਣ ‘ਚ ਨਾਕਾਮ ਰਹਿਣ ‘ਤੇ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਸ਼ਾਮਲ ਕਰ ਦਿੱਤਾ ਹੈ। ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਐੱਫਏਟੀਐੱਫ ਦੀ ਗ੍ਰੋਅ ਲਿਸਟ ‘ਚ ਵੀ ਸ਼ਾਮਲ ਹੈ।

ਏਪੀਜੀ ਦੇ ਇਸ ਫ਼ੈਸਲੇ ਦਾ ਪਾਕਿਸਤਾਨ ‘ਤੇ ਵਿਆਪਕ ਅਸਰ ਹੋਵੇਗਾ। ਹੁਣ ਐੱਫਏਟੀਐੱਫ ਅਕਤੂਬਰ ‘ਚ ਹੋਣ ਵਾਲੀ ਆਪਣੀ ਬੈਠਕ ‘ਚ ਪਾਕਿਸਤਾਨ ਨੂੰ ਬਲੈਕ ਲਿਸਟ ਕਰਨ ‘ਤੇ ਫ਼ੈਸਲਾ ਲਵੇਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਫਏਟੀਐੱਫ ਦੇ ਏਸ਼ੀਆ ਪੈਸੀਫਿਕ ਗਰੁੱਪ ਨੇ ਦੇਖਿਆ ਕਿ ਪਾਕਿਸਤਾਨ ਨੇ ਅੱਤਵਾਦੀ ਫੰਡਿੰਗ ਤੇ ਮਨੀ ਲਾਂਡਰਿੰਗ ਦੇ 40 ਮਾਪਦੰਡਾਂ ‘ਚੋਂ 32 ‘ਤੇ ਖਰੇ ਨਹੀਂ ਉੱਤਰੇ, ਜਿਸ ਕਾਰਨ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।

ਪਾਕਿਸਤਾਨ ਅੱਤਵਾਦੀਆਂ ਨੂੰ ਫੰਡਿੰਗ ਦੇ ਮਾਮਲੇ ‘ਚ ਐੱਫਏਟੀਐੱਫ ਨੂੰ ਗੁਮਰਾਹ ਕਰ ਰਿਹਾ ਹੈ। ਉਹ ਠੋਸ ਕਾਰਵਾਈ ਕਰਨ ਦੀ ਬਜਾਏ ਦਿਖਾਵੇ ਲਈ ਅੱਤਵਾਦੀਆਂ ਤੇ ਅੱਤਵਾਦੀ ਸਮੂਹਾਂ ਖ਼ਿਲਾਫ਼ ਫਰਜ਼ੀ ਤੇ ਕਮਜ਼ੋਰ ਐੱਫਆਈਆਰ ਦਰਜ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ਨੇ ਪਾਕਿਸਤਾਨ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖ਼ਿਲਾਫ਼ ਠੋਸ ਕਾਰਾਵਾਈ ਦੀ ਨਸੀਹਤ ਦਿੱਤੀ ਸੀ।

ਏਪੀਜੀ ਦੇ ਇਸ ਐਕਸ਼ਨ ਨਾਲ ਪਾਕਿਸਤਾਨੀ ਅਰਥਚਾਰੇ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਜੇਕਰ ਐੱਫਏਟੀਐੱਫ ਵੀ ਏਪੀਜੀ ਦੇ ਫ਼ੈਸਲੇ ‘ਤੇ ਆਪਣੀ ਮੋਹਰ ਲਗਾ ਦਿੰਦੀ ਹੈ ਤਾਂ ਪਾਕਿਸਤਾਨ ਦਾ ਅਰਥਚਾਰਾ ਗਰਤ ‘ਚ ਚਲਾ ਜਾਵਗਾ। ਵਿਦੇਸ਼ੀ ਮੁਲਕ ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਉਸ ਨੂੰ ਕਰਜ਼ ਦੇਣਾ ਬੰਦ ਕਰ ਦੇਣਗੀਆਂ। ਹਾਲੇ ਕੁਝ ਦਿਨ ਪਹਿਲਾਂ ਹੀ ਇਸਲਾਮਾਬਾਦ ‘ਚ ਤਾਇਨਾਤ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਪ੍ਰਤੀਨਿਧੀ ਟੇਰੀਜ਼ਾ ਸਾਂਚੇਜ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਐੱਫਏਟੀਐੱਫ ਦੀ ਗ੍ਰੋਅ ਲਿਸਟ ਯਾਨੀ ਨਿਗਰਾਨੀ ਸੂਚੀ ਤੋਂ ਬਾਹਰ ਨਹੀਂ ਨਿਕਲਦਾ ਤਾਂ ਉਸ ਦਾ ਹਾਲੀਆ ਮਨਜ਼ੂਰ ਹੋਇਆ ਕਰਜ਼ ਖ਼ਤਰੇ ‘ਚ ਪੈ ਜਾਵੇਗਾ।

Spread the love