12 ਜੂਨ ਤੱਕ ਡੀ.ਬੀ.ਈ.ਈ. ਕੋਲ ਭੇਜੀ ਜਾ ਸਕੇਗੀ ਨਵੇਂ ਉਦਮਾਂ ਲਈ ਯੋਜਨਾ-ਡੀ.ਸੀ.
ਪਟਿਆਲਾ, 13 ਮਈ 2022
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਪ੍ਰਾਜੈਕਟ, ‘ਚ ਨੌਜਵਾਨ, ਮਹਿਲਾਵਾਂ, ਦਿਵਿਆਂਗਜਨ, ਆਮ ਲੋਕਾਂ ਤੇ ਕਾਰੋਬਾਰੀ ਆਪਣੀ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ http://surl.li/bwwyq ਲਿੰਕ ‘ਤੇ 12 ਜੂਨ ਤੱਕ ਆਪਣੀਆਂ ਯੋਜਨਾਵਾਂ ਭੇਜ ਸਕਦੇ ਹਨ।
ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ‘ਚ ਜਨ ਸੁਵਿਧਾ ਕੈਂਪ 14 ਮਈ ਨੂੰ
ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਕੰਪਿਊਟਰ ਆਦਿ ਦੀ ਵਰਤੋਂ ਨਹੀਂ ਕਰ ਸਕਦੇ ਉਹ ਇਸ ਪ੍ਰੋਜੈਕਟ ‘ਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ-ਡੀ ਵਿਖੇ ਆ ਕੇ ਵੀ ਹਿੱਸਾ ਲੈ ਸਕਦੇ ਹਨ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਚ ਵੱਧ ਤੋਂ ਵੱਧ ਉਦਮੀਆਂ ਨੂੰ ਸ਼ਾਮਲ ਕਰਨ ਲਈ ਸਬ-ਡਵੀਜ਼ਨ ਪੱਧਰ ‘ਤੇ ਰੋਡ ਸ਼ੋਅ ਕਰਨ ਦੀ ਵੀ ਯੋਜਨਾ ਹੈ, ਤਾਂ ਕਿ ਇਸ ਪ੍ਰੋਜੈਕਟ ਦਾ ਲਾਭ ਹਰੇਕ ਵਿਅਕਤੀ ਤੱਕ ਪੁੱਜ ਸਕੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਦੇ ਹਰੇਕ ਵਰਗ ਦੇ ਵਿਅਕਤੀ ਨੂੰ ਆਪਣੀਆਂ ਯੋਜਨਾਵਾਂ ਰਾਹੀਂ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨ ਲਈ ਪਟਿਆਲਾ ‘ਚ ਇੱਕ ਅਜਿਹੇ ਨਿਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕ ਜੋ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਜਾਂ ਯੋਜਨਾਵਾਂ ਨੂੰ ਅੱਗੇ ਲਿਆ ਕੇ ਅਸਲ ‘ਚ ਰੂਪਮਾਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪ੍ਰੋਜੈਕਟ ਇਕ ਮੰਚ ਪ੍ਰਦਾਨ ਕਰੇਗਾ।