ਮੁਹਿੰਮ ਅਧੀਨ 0 ਤੋਂ 5 ਸਾਲ ਤੱਕ ਦੇ ਮਾਈਗ੍ਰੇਟਰੀ ਪਾਪੂਲੇਸ਼ਨ ਦੇ ਬੱਚਿਆਂ ਨੂੰ 19 ਤੋਂ 21 ਜੂਨ ਤੱਕ ਪਿਲਾਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂ
- ਪ੍ਰਵਾਸੀ ਵਸੋਂ ਦੇ ਕੁੱਲ 10407 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ
ਫਿਰੋਜ਼ਪੁਰ, 16 ਜੂਨ :-
ਜ਼ਿਲ੍ਹੇ ਅੰਦਰ ਵਿਸ਼ੇਸ਼ ਪਲਸ ਪੋਲੀਓ ਰਾਊਂਡ (ਮਾਈਗ੍ਰੇਟਰੀ ਪਾਪੂਲੇਸ਼ਨ) ਅਧੀਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ 19 ਤੋਂ 21 ਜੂਨ 2022 ਤੱਕ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼, ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਿਰ ਸਨ।
ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ 19 ਜੂਨ ਤੋਂ 21 ਜੂਨ, 2022 ਤੱਕ ਜ਼ਿਲ੍ਹੇ ਅੰਦਰ ਪ੍ਰਵਾਸੀ ਵੱਸੋਂ ਦੇ ਬੱਚਿਆਂ ਲਈ ਚਲਾਏ ਜਾਣ ਵਾਲੇ ਇਸ ਵਿਸ਼ੇਸ਼ ਪਲਸ ਪੋਲੀਓ ਰਾਊਂਡ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਝੁੱਗੀਆਂ, ਭੱਠਿਆਂ, ਪਥੇਰਾਂ, ਨਿਰਮਾਨ ਅਧੀਨ ਇਮਾਰਤਾਂ, ਫੈਕਟਰੀਆਂ ਅਤੇ ਹੋਰ ਅਤਿ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਕੇ ਲਾਭਪਾਤਰੀ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਵਿਸ਼ੇਸ਼ ਖੁਰਾਕ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ਕ ਭਾਰਤ ਵਿੱਚ ਆਖਰੀ ਪੋਲੀਓ ਕੇਸ 13 ਜਨਵਰੀ 2011 ਨੂੰ ਰਿਪੋਰਟ ਹੋਇਆ ਸੀ ਪਰੰਤੂ ਅਜੇ ਵੀ ਕੁੱਝ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਸਾਹਮਣੇ ਆ ਰਹੇ ਹਨ। ਇਸੇ ਲਈ ਵਿਸ਼ਵ ਸਿਹਤ ਸੰਸਥਾ ਦੀਆਂ ਗਾਈਡਲਾਈਨਜ਼ ਮੁਤਾਬਿਕ ਸਰਕਾਰ ਵੱਲੋਂ ਇਹ ਪਲਸ ਪੋਲੀਓ ਰਾਊਂਡ ਆਯੋਜਿਤ ਕੀਤੇ ਜਾ ਰਹੇ ਹਨ। ਇਸ ਅਵਸਰ ‘ਤੇ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਮੀਨਾਕਸ਼ੀ ਅਬਰੋਲ ਨੇ ਮੁਹਿੰਮ ਵਿੱਚ ਵੱਖ-ਵੱਖ ਵਿਭਾਗਾਂ ਦੇ ਬਣਦੇ ਰੋਲ ਬਾਰੇ ਹਾਊਸ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਪਲਸ ਪੋਲੀਓ ਰਾਊਂਡ ਵਿੱਚ ਕੁੱਲ 90161 ਦੀ ਪ੍ਰਵਾਸੀ ਵਸੋਂ ਦ 15248 ਘਰਾਂ ਵਿੱਚ ਕੁੱਲ 10407 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਮੰਤਵ ਲਈ ਕੁੱਲ 122 ਸਿਹਤ ਕਾਮਿਆਂ ਤੇ ਆਧਾਰਿਤ 59 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਹਨਾਂ ਦੀ ਨਿਗਰਾਨੀ 12 ਸੁਪਰਵਾਈਜ਼ਰਾਂ ਵੱਲੌ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਵੱਖ-ਵੱਖ ਵਿਭਾਗਾਂ ਨੂੰ ਜ਼ਿਲ੍ਹੇ ਅੰਦਰ ਪ੍ਰਵਾਸੀ ਵੱਸੋਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿਸ਼ੇਸ਼ ਪਲਸ ਪੋਲੀਓ ਰਾਊਂਡ ਵਿੱਚ ਪੋਲੀਓ ਰੋਕੂ ਵੈਕਸੀਨ ਪਿਲਾਏ ਜਾਣ ਸਬੰਧੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਯਕੀਨੀ ਬਨਾਉਣ ਦੀ ਹਦਾਇਤ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਸਿਹਤ ਵਿਭਾਗ ਦਾ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਪੋਲੀਓ ਉੱਤੇ ਬਣੀ ਜਿੱਤ ਬਰਕਰਾਰ ਰੱਖੀ ਜਾ ਸਕੇ।