ਫਾਜ਼ਿਲਕਾ 13 ਮਈ 2022
ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤਹਿਤ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 8 ਤੋਂ 14 ਮਈ ਤੱਕ ਥੈਲੇਸੀਮੀਆ ਬਾਰੇ ਜਾਗਰੁਕਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਦੁਤਾਰਾਂਵਾਲੀ ਵਿਖੇ ਇਕ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ
ਇਸ ਮੌਕੇ ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਥੈਲੇਸੀਮੀਆ ਇਕ ਜਿਣਸੀ ਰੋਗ ਹੈ।ਇਸ ਬੀਮਾਰੀ ਕਾਰਨ ਖੂਨ ਦੇ ਲਾਲ ਸੈੱਲ ਜਾਂ ਕਣਾਂ ਦਾ ਹੀਮੌਗਲੋਬਿਨ ਬਣਾਉਣ ਦੀ ਸ਼ਕਤੀ ਦਾ ਘੱਟ ਹੋ ਜਾਣਾ ਹੈ। ਜਿਸ ਕਾਰਨ ਅਨੀਮੀਆ ਹੋ ਜਾਂਦਾ ਹੈ ਤੇ ਮਰੀਜ਼ ਨੂੰ ਬਚਾਉਣ ਲਈ ਸਿਰਫ ਖੂਨ ਦੇਣਾ ਹੀ ਇਕ ਮਾਤਰ ਇਲਾਜ਼ ਰਹਿ ਜਾਂਦਾ ਹੈ। ਇਸ ਬੀਮਾਰੀ ਦੇ ਮੁੱਖ ਲੱਛਣਾਂ ਵਿਚ ਸ਼ਰੀਰਕ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਅਤੇ ਥਕਾਵਟ, ਚਿਹਰੇ ਦੀ ਬਨਾਵਟ ਵਿਚ ਬਦਲਾਅ, ਚਮੜੀ ਦਾ ਪੀਲਾ ਪੈਣਾ, ਪਿਸ਼ਾਬ ਦਾ ਰੰਗ ਗਾੜ੍ਹਾ ਹੋਣਾ, ਜਿਗਰ ਅਤੇ ਤਿੱਲੀ ਦੇ ਆਕਾਰ ਦਾ ਵੱਧ ਜਾਣਾ ਹੈ। ਇਸ ਕਰਕੇ ਇਸ ਬੀਮਾਰੀ ਵਾਲੇ ਹਰ ਬੱਚੇ ਨੂੰ 15 ਤੋਂ 20 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਇਸ ਬੀਮਾਰੀ ਦੇ ਟੈਸਟ ਪੰਜਾਬ ਤਿੰਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਨਾਲ-ਨਾਲ ਏਮਜ਼ ਬਠਿੰਡਾ ਤੇ ਜਿਲਾ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਖੇ ਉਪਲਬਧ ਹੈ। ਸਰਕਾਰੀ ਹਸਪਤਾਲਾਂ ਵਿੱਚ ਇਹ ਸਾਰੀਆਂ ਸਹੂਲਤਾਂ (ਇਲਾਜ਼ ਅਤੇ ਟੈਸਟ) ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਅਨਿਲ ਧਾਮੂ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਥੈਲੇਸੀਮੀਆ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਗਰਭਵਤੀ ਮਾਵਾਂ ਦਾ ਖਾਸ ਤੌਰ ਤੇ ਪਹਿਲੀ ਤਿਮਾਹੀ ਵਿਚ ਟੈਸਟ ਕਰਾਉਣਾ ਪੈਣਾ ਹੈ। ਇਸੇ ਤਰਾਂ ਵਿਆਹ ਯੋਗ ਜੋੜੇ ਜਾਂ ਵਿਆਹੇ ਜੋੜੇ ਜਿਨਾਂ ਦਾ ਇਲਾਜ਼ ਕਰਨ ਦੇ ਬਾਵਜੂਦ ਵੀ ਉਨ੍ਹਾਂ ਵਿਚ ਖੂਨ ਦੀ ਮਾਤਰਾ (ਐਚ ਬੀ) ਨਹੀਂ ਵਧਦਾ ਉਹਨਾਂ ਦਾ ਟੈਸਟ ਕਰਾਉਣਾ ਯਕੀਨੀ ਬਣਾਇਆ ਜਾਵੇ। ਕਿ ਸਿਰਫ ਜਾਗਰੁਕਤਾ ਨਾਲ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਇਸੇ ਕਰਕੇ ਇਸ ਜਾਗਰੁਕਤਾ ਮੁਹਿੰਮ ਦਾ ਥੀਮ ਹੈ ਜਾਗਰੂਕ ਰਹੋ,ਸਾਂਝਾ ਕਰੋ ਅਤੇ ਸੰਭਾਲ ਕਰੋ।
ਇਸ ਮੌਕੇ ਤੇ ਸ੍ਰੀ ਵਿਸ਼ਨੂੰ ਪੂਨੀਆ ਪ੍ਰਿੰਸੀਪਲ, ਵਨਿਤਾ ਰਾਣੀ,ਰਾਜਾ ਰਾਮ, ਤਸਵਿੰਦਰ ਕੌਰ, ਸਪਨਾ, ਮਨਿੰਦਰ ਕੌਰ ਅਤੇ ਵਰਿੰਦਰ ਕੁਮਾਰ ਅਧਿਆਪਕ ਕੁਸ਼ਲਿਆ ਏ ਏਨ੍ ਏਮ ਅਤੇ ਵਿਨੋਦ ਕੁਮਾਰ ਏਮ ਪੀ ਐਚ ਡਬਲਯੂ ਵੀ ਹਾਜਿਰ ਸਨ।