ਅਧਿਆਪਕਾਂ ਦੀ ਚਾਰ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ

ਬਰਨਾਲਾ, 11 ਫਰਵਰੀ :- 
ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ ਅਧੀਨ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਅਗਵਾਈ ਵਿੱਚ ਚੱਲ ਰਹੀ ਚਾਰ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਹੋ ਗਈ। ਇਸ ਮੌਕੇ ਲੇਖਕ ਅਤੇ ਐਡਵੋਕੇਟ ਚੇਤਨ ਸ਼ਰਮਾ ਵੱਲੋਂ ਅਧਿਆਪਕਾਂ ਦੇ ਰੂ-ਬ-ਰੂ ਹੋ ਕੇ ਜ਼ਿੰਦਗੀ ਨੂੰ ਸਫ਼ਲ ਬਣਾਉਣ, ਜੀਵਨ ਵਿਚ ਪ੍ਰਸੰਨਤਾ ਅਤੇ ਆਨੰਦ ਦੀ ਸਥਿੱਤੀ ਕਿਵੇਂ ਲਿਆਂਦੀ ਜਾਵੇ, ਬਾਰੇ ਆਪਣੇ ਮਹੱਤਵਪੂਰਨ ਵਿਚਾਰ ਪੇਸ਼ ਕੀਤੇ।
 ਉਨ੍ਹਾਂ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਪ੍ਰਤੀ ਸਕਾਰਾਤਮਕ ਸੋਚ ਅਪਣਾਉਣ ਅਤੇ ਉਨ੍ਹਾਂ ਨੂੰ ਮੋਬਾਈਲ ਦੀ ਸਹੀ ਤੇ ਸਾਰਥਕ ਵਰਤੋਂ ਕਰਨ ਲਈ ਸੇਧ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਧਿਕਾਰਾਂ ਦੇ ਨਾਲ-ਨਾਲ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਸਮਝਦੇ ਹੋਇਆਂ ਆਪਣੇ ਕਰਤੱਵਾਂ ਨੂੰ ਵੀ ਸੰਜੀਦਗੀ ਨਾਲ ਨਿਭਾਉਣ ਦੀ ਗੱਲ ਕੀਤੀ। ਲੈਕਚਰਾਰ ਰਮਨਦੀਪ ਸਿੰਘ, ਮੈਡਮ ਮਨਦੀਪ ਸ਼ਰਮਾ ਅਤੇ ਡੀਐੱਮ ਕਮਲਦੀਪ ਵੱਲੋਂ ਯੋਗਤਾ ਸੁਧਾਰ ਲਈ ਸਿੱਖਿਆ ਤਕਨੀਕਾਂ ਦੀ ਵਰਤੋਂ, ਨਵੀਂ ਸਿੱਖਿਆ ਨੀਤੀ-2020, ਸਟ੍ਰੈੱਸ ਮੈਨੇਜਮੈਂਟ ਅਤੇ ਪ੍ਰਭਵਸ਼ਾਲੀ ਸੰਚਾਰ ਦੇ ਵਿਸ਼ਿਆਂ ‘ਤੇ ਭਾਸ਼ਣ ਪੇਸ਼ ਕੀਤਾ। ਜ਼ਿਲ੍ਹਾ ਮੁਲਾਂਕਣ ਅਤੇ ਸਮਰਥਨ ਤੇ ਸਮਰਥਨ ਟੀਮ ਦੇ ਇੰਚਾਰਜ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਮੈਡਮ ਸੁਰੇਸ਼ਟਾ ਸ਼ਰਮਾ ਨੇ ਅਧਿਆਪਕਾਂ ਨੂੰ ਮਿਸ਼ਨ ਮੈਰਿਟ ਅਤੇ ਮਿਸ਼ਨ ਸਤ ਪ੍ਰਤੀਸ਼ਤ ਦਾ ਟੀਚਾ ਹਾਸਲ ਕਰਨ ਲਈ ਇਸ ਵਰਕਸ਼ਾਪ ਤੋਂ ਭਰਪੂਰ ਲਾਹਾ ਲੈਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਨੇ ਅਧਿਆਪਕਾਂ ਨੂੰ ਵਰਕਸ਼ਾਪ ਵਿੱਚ ਪ੍ਰਾਪਤ ਕੀਤੇ ਗਿਆਨ ਨੂੰ ਸੁਚਾਰੂ ਢੰਗ ਨਾਲ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਇਸ ਮੌਕੇ ਡੀਐੱਮ ਅਮਨਿੰਦਰ ਕੁਠਾਲਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਡੀਐੱਮ ਆਈਸੀਟੀ ਮੋਹਿੰਦਰਪਾਲ, ਬੀਐਮ ਤੇਜਿੰਦਰ ਸ਼ਰਮਾ, ਜਗਦੀਸ਼ ਬਰਾੜ, ਸੁੱਖਪਾਲ ਢਿੱਲੋਂ, ਰਾਜੇਸ਼ ਕੁਮਾਰ, ਨਵਦੀਪ ਮਿੱਤਲ, ਜ਼ਿਲ੍ਹਾ ਮੁਲਾਂਕਣ ਟੀਮ ਮੈਂਬਰ ਨਵਦੀਪ ਸਿੰਘ ਤੇ ਮਨਪ੍ਰੀਤ ਸਿੰਘ ਹਾਜ਼ਰ ਰਹੇ।

ਹੋਰ ਪੜ੍ਹੋ :-5.5 ਰੁਪਏ ਰੇਤਾ ਮਿਲਣ ਨਾਲ ਆਮ ਲੋਕਾਂ ਵਲੋਂ ਮਿਲ ਰਿਹਾ ਹੈ ਭਾਰੀ ਉਤਸ਼ਾਹ