ਸਿਹਤ ਵਿਭਾਗ ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ : ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਕੌਰ 

ਸਿਹਤ ਵਿਭਾਗ
ਸਿਹਤ ਵਿਭਾਗ ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ : ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਕੌਰ 
– ਡਿਪਟੀ ਡਾਇਰੈਕਟਰ ਨੇ ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ
 
– ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਡੇਂਗੂ ਵਾਰਡ ਵਿਚ ਦਾਖਲ ਮਰੀਜ਼ਾਂ ਦਾ ਹਾਲਚਾਲ ਪੁੱਛਿਆ
ਨਵਾਂਸ਼ਹਿਰ, 13 ਅਕਤੂਬਰ 2021
 ਸਿਹਤ ਵਿਭਾਗ ਪੰਜਾਬ ਨੇ ਡੇਂਗੂ ਦੇ ਵਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਉੱਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਇਸ ਕੜੀ ਤਹਿਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਭੁਪਿੰਦਰ ਕੌਰ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਡੇਂਗੂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨਾਲ ਡੇਂਗੂ ਨੂੰ ਕੰਟਰੋਲ ਕਰਨ ਅਤੇ ਮੌਜੂਦਾ ਹਲਾਤਾਂ ਨਾਲ ਨਜਿੱਠਣ ਲਈ ਡੂੰਘਾਈ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਡੇਂਗੂ ਵਾਰਡ ਦਾ ਦੌਰਾ ਕਰਕੇ ਡੇਂਗੂ ਤਿੰਨ ਮਰੀਜ਼ਾਂ ਦਾ ਹਾਲਚਾਲ ਵੀ ਪੁੱਛਿਆ।
ਡਿਪਟੀ ਡਾਇਰੈਕਟਰ ਡਾ. ਭੁੁਪਿੰਦਰ ਕੌਰ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਜ਼ਿਲ੍ਹੇ ਵਿਚ ਡੇਂਗੂ ਦੇ ਵਧ ਰਹੇ ਪ੍ਰਕੋਪ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਹੈ, ਇਸ ਲਈ ਡੇਂਗੂ ਤੋਂ ਬਚਾਅ ਲਈ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਲਾਰਵੇ ਨੂੰ ਨਸ਼ਟ ਕਰਨ ਲਈ ਸਰਵੇ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।ਹਾਲਾਂਕਿ ਉਨ੍ਹਾਂ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਕੰਮ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਡੇਂਗੂ ਦੀ ਜਾਂਚ ਲਈ ਕੀਤਾ ਜਾਂਦਾ ਰੈਪਿਡ ਕਾਰਡ ਟੈਸਟ ਪ੍ਰਮਾਣਿਤ ਨਹੀਂ ਹੈ, ਇਸ ਲਈ ਡੇਂਗੂ ਦੇ ਮਰੀਜ਼ ਦੀ ਪੁਸ਼ਟੀ ਲਈ ਸਰਕਾਰੀ ਹਸਪਤਾਲ ਵਿਚੋਂ ਇਲਾਈਜਾ ਟੈਸਟ ਹੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗ ਦੇ ਵਧ ਰਹੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਇਹ ਅਤਿ ਜ਼ਰੂਰੀ ਹੈ ਕਿ ਬੁਖਾਰ ਤੋਂ ਪੀੜਤ ਹਰ ਮਰੀਜ਼ ਦੇ ਖੂਨ ਦੇ ਨਮੂਨੇ ਲੈ ਕੇ ਡੇਂਗੂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਹਰ ਸ਼ੱਕੀ ਕੇਸ ਦੀ ਪੁਸ਼ਟੀ ਹੋਣ ਉਪਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ।
ਡਾ ਕੌਰ ਨੇ ਅੱਗੇ ਕਿਹਾ ਕਿ ਜਿਨ੍ਹਾਂ ਸਥਾਨਾਂ ਉੱਤੇ ਡੇਂਗੂ ਦੇ ਵੱਧ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਸਥਾਨਾਂ ਉੱਤੇ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। ਫੋਗਿੰਗ ਘਰਾਂ ਅੰਦਰ ਜ਼ਿਆਦਾ ਅਸਰਦਾਰ ਹੁੰਦੀ ਹੈ, ਇਸ ਲਈ ਫੋਗਿੰਗ ਘਰਾਂ ਅੰਦਰੋਂ ਸ਼ੁਰੂ ਕਰਵਾਈ ਜਾਵੇ ਅਤੇ ਫੋਗਿੰਗ ਸਮੇਂ ਘਰਾਂ ਦੇ ਸਾਰੇ ਬਿਜਲਈ ਯੰਤਰ ਬੰਦ ਹੋਣੇ ਚਾਹੀਦੇ ਹਨ। ਫੋਗਿੰਗ ਤੋਂ ਬਾਅਦ ਘਰਾਂ ਦੇ ਦਰਵਾਜ਼ੇ 10-15 ਮਿੰਟ ਬੰਦ ਰੱਖਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫੋਗਿੰਗ ਸਵੇਰੇ ਵੇਲੇ ਅਤੇ ਸ਼ਾਮ ਵੇਲੇ ਕਰਨੀ ਯਕੀਨੀ ਬਣਾਈ ਜਾਵੇ, ਕਿਉਂਕਿ ਇਹ ਮੱਛਰ ਸਵੇਰੇ ਅਤੇ ਸ਼ਾਮ ਨੂੰ ਜ਼ਿਆਦਾ ਸਰਗਰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਲਾਕੇ ਵਿਚ ਮਹੀਨੇ ਵਿਚ ਇਕ ਵਾਰ ਫੋਗਿੰਗ ਕਰਵਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਮੱਛਰ ਨੂੰ ਪਣਪਨ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ‘ਫਰਾਈ-ਡੇਅ, ਡਰਾਈ-ਡੇਅ’ ਮਨਾਉਣ ਲਈ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਜਿਸ ਤੋਂ ਭਾਵ ਹੈ ਕਿ ਸਾਰੇ ਘਰਾਂ ਅਤੇ ਸੰਸਥਾਵਾਂ ਅੰਦਰ ਲੱਗੇ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁਕਾਇਆ ਜਾਵੇ, ਕਿਉਂਕਿ ਖੜ੍ਹਾ ਪਾਣੀ ਡੇਂਗੂ ਦੇ ਲਾਰਵੇ ਦੇ ਪਨਪਣ ਦਾ ਵੱਡਾ ਸਬੱਬ ਬਣਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
Spread the love