ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਉਣ ਲਈ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇ ਕੰਮ: ਡਾ. ਅਭਿਸ਼ੇਕ ਜੈਨ

ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਉਣ ਲਈ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇ ਕੰਮ: ਡਾ. ਅਭਿਸ਼ੇਕ ਜੈਨ
ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਉਣ ਲਈ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇ ਕੰਮ: ਡਾ. ਅਭਿਸ਼ੇਕ ਜੈਨ
ਡਾਇਰੈਕਟਰ ਜਨਗਣਨਾ ਪੰਜਾਬ ਵਲੋਂ ਆਗਾਮੀ ਜਨਗਣਨਾ ਲਈ ਤਿਆਰੀਆਂ ਦੀ ਸਮੀਖਿਆ
ਅਧਿਕਾਰੀਆਂ ਨਾਲ ਜਨਗਣਨਾ ਸਬੰਧੀ ਜ਼ਰੂਰੀ ਤੱਥਾਂ ‘ਤੇ ਕੀਤੀ ਚਰਚਾ
ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲਈ ਜਨਗਣਨਾ ਦਾ ਅਹਿਮ ਰੋਲ : ਡਾ. ਜੈਨ

ਫਿਰੋਜ਼ਪੁਰ 30 ਮਾਰਚ 2022

ਭਾਰਤ ਸਰਕਾਰ ਵਲੋਂ ਆਗਾਮੀ ਜਨਗਣਨਾ ਦੇ ਮੱਦੇਨਜ਼ਰ ਪੰਜਾਬ ਲਈ ਨਿਯੁਕਤ ਡਾਇਰੈਕਟਰ ਜਨਗਣਨਾ ਓਪਰੇਸ਼ਨਜ਼ ਡਾ. ਅਭਿਸ਼ੇਕ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਹੋਣ ਵਾਲੀ ਜਨਗਣਨਾ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ।

ਹੋਰ ਪੜ੍ਹੋ :-ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਦੀ ਮੀਟਿੰਗ

ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ (ਜਨ) ਅਮਿੱਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜਨਗਣਨਾ ਸਬੰਧੀ ਮੀਟਿੰਗ ਕਰਦਿਆਂ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਅਤੇ ਪੰਜਾਬ ਦੇ ਡਾਇਰੈਕਟਰ ਜਨਗਣਨਾ ਡਾ. ਅਭਿਸ਼ੇਕ ਜੈਨ ਨੇ ਨਿਰਦੇਸ਼ ਦਿੱਤੇ ਕਿ ਜਨਗਣਨਾ ਸਬੰਧੀ ਜ਼ਰੂਰੀ ਤਿਆਰੀਆਂ ਸਮੇ ਸਿਰ ਕੀਤੀਆਂ ਜਾਣ ਤਾਂ ਜੋ ਜਨਗਣਨਾ ਦਾ ਕੰਮ ਸ਼ੁਰੂ ਹੋਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਵਲੋਂ ਜਨਗਣਨਾ ਲਈ ਲੋੜੀਂਦੀਆਂ ਵਾਰਡਾਂ, ਮੁਹੱਲਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਆਦਿ ਦੀਆਂ ਭੇਜੀਆਂ ਸੂਚੀਆਂ ਸਬੰਧੀ ਸਮੀਖਿਆ ਕਰਦਿਆ ਕਿਹਾ ਕਿ ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਦਾ ਜਾਵੇ।

ਜਨਮ ਅਤੇ ਮੌਤ ਦੇ ਸਰਟੀਫਿਕੇਟ ਬਨਾਉਣ ਵੇਲੇ ਲਾਜ਼ਮੀ ਨਿਯਮਾਂ ਦੀ ਪਾਲਣਾ ‘ਤੇ ਜ਼ੋਰ ਦਿੰਦਿਆਂ ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਲੈਣ ਵੇਲੇ ਮੌਤ ਦਾ ਕਾਰਨ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਭਾਵੇਂ ਮੌਤ ਕਿਸੇ ਹਸਪਤਾਲ ਜਾਂ ਫ਼ਿਰ ਘਰ ਵਿਚ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਜਾਵੇ ਜਿਹੜੀ ਸਮੇਂ-ਸਮੇਂ ਸਿਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਦੀ ਸਮੀਖਿਆ ਕਰੇ।

ਡਾ. ਜੈਨ ਨੇ ਦੱਸਿਆ ਕਿ ਸਰਕਾਰ ਵਲੋਂ ਜਨਗਣਨਾ ਤੋਂ ਪਹਿਲਾਂ ਜ਼ਮੀਨੀ ਪੱਧਰ ਤੱਕ ਲੋੜੀਂਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਇਸ ਵੱਡੇ ਕਾਰਜ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਣ ਜਾ ਰਹੀ ਜਨਗਣਨਾ ਬਹੁਤ ਆਸਾਨ ਅਤੇ ਤੁਰੰਤ ਡਾਟਾ ਤਬਦੀਲ ਕਰਨ ਵਾਲੀ ਰਹੇਗੀ। ਡਾ. ਜੈਨ ਨੇ ਦੱਸਿਆ ਕਿ ਗਿਣਤੀਕਾਰਾਂ ਵਲੋਂ ਘਰ-ਘਰ ਜਾ ਕੇ ਜਨਗਣਨਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਸ ਲਈ ਪਹਿਲਾਂ ਤੋਂ ਤਿਆਰ ਕੀਤੀ ਮੈਪਿੰਗ ਗਿਣਤੀਕਾਰਾਂ ਲਈ ਮਦਦਗਾਰ ਰਹੇਗੀ। ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਨਾ ਤਾਂ ਫੰਡਾਂ ਦੀ ਘਾਟ ਆਵੇਗੀ ਅਤੇ ਸਬੰਧਤ ਸਟਾਫ਼ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਜਨਗਣਨਾ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ‘ਤੇ ਹੀ ਨਵੀਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਦੋ ਚਰਣਾ ‘ਚ ਹੋਣ ਵਾਲੀ ਜਨਗਣਨਾ ‘ਚ ਬੁਨਿਆਂਦੀ ਸਹੂਲਤਾਂ ਤੋਂ ਲੈਕੇ ਵਿਅਕਤੀਆਂ ਦੀ ਗਿਣਤੀ ਤੱਕ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਮ ਸ਼ੁਰੂ ਹੋਣ ਤੋਂ ਬਾਅਦ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜਨਗਣਨਾ ਇਕ ਬਹੁਤ ਮਹੱਤਵਪੂਰਨ ਕਾਰਜ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਨੇ ਡਾਇਰੈਕਟਰ ਜਨਗਣਨਾ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਇਸ ਕਾਰਜ ਲਈ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਕੇ ਜਨਗਣਨਾ ਸੁਚੱਜੇ ਢੰਗ ਨਾਲ ਮੁਕੰਮਲ ਕਰਵਾਈ ਜਾਵੇਗੀ।ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ, ਸੀਈਓ ਕੈਂਟ ਬੋਰਡ ਪ੍ਰੋਮਿਲਾ ਜੈਸਵਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।