ਮੋਹਾਲੀ, 24 ਅਕਤੂਬਰ 2024
ਤਕਰੀਬਨ ਦੋ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਵਿੱਚ ਸਰਗਰਮ ਹਰਦੀਪ ਕੌਰ ਦੀ ਪਲੇਠੀ ਪੁਸਤਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ 27 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਰਿਲੀਜ਼ ਕੀਤੀ ਜਾਵੇਗੀ। ਹਰਦੀਪ ਕੌਰ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੀ ਰਾਸ਼ਟਰੀ ਪ੍ਰਧਾਨ ਹੈ, ਜੋ ਕਿ ਲੰਬੇ ਸਮੇਂ ਤੋਂ ਔਰਤਾਂ ਦੇ ਹੱਕਾਂ ਲਈ ਲੜ ਰਹੀ ਹੈ। ਟਰੱਸਟ ਦੀ ਚੇਅਰਪਰਸਨ ਡਾ: ਰਿੰਮੀ ਸਿੰਗਲਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਹਰਦੀਪ ਕੌਰ ਨੇ ਆਪਣੇ ਸਮਾਜਿਕ ਪ੍ਰੋਗਰਾਮਾਂ ਰਾਹੀਂ ਔਰਤਾਂ ਦੀਆਂ ਸਮੱਸਿਆਵਾਂ ਨੂੰ ਉਭਾਰਿਆ ਹੈ। ਇਨ੍ਹਾਂ ਸਮੱਸਿਆਵਾਂ ਦੇ ਆਧਾਰ ’ਤੇ ਉਸ ਨੇ ‘ਸ਼ਮਸ਼ਾਨ ਘਾਟ ਸੌ ਗਿਆ’ ਨਾਂ ਦੀ ਪੁਸਤਕ ਲਿਖੀ ਹੈ। ਇਹ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹੈ। ਇਸ ਪੁਸਤਕ ਬਾਰੇ ਕਈ ਪ੍ਰਸਿੱਧ ਲੇਖਕਾਂ ਨੇ ਆਪਣੇ ਵਿਚਾਰ ਦਿੱਤੇ ਹਨ।
ਸਿੰਗਲਾ ਨੇ ਦੱਸਿਆ ਕਿ 27 ਅਕਤੂਬਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਣ ਵਾਲੇ ਰਿਲੀਜ਼ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕਰਨਗੇ।
ਇਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਿਰ ਅਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸੀਨੀਅਰ ਪੱਤਰਕਾਰ ਅਤੇ ਸਾਹਿਤ ਚਿੰਤਕ ਜਗਤਾਰ ਭੁੱਲਰ, ਕਹਾਣੀਕਾਰ ਅਤੇ ਵਿਸ਼ਲੇਸ਼ਕ ਜਸਵੀਰ ਰਾਣਾ, ਲੇਖਕ, ਕਵੀ ਅਤੇ ਅਨੁਵਾਦਕ ਦੀਪਕ ਚਨਾਰਥਲ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਹਰਦੀਪ ਕੌਰ ਦੀ ਪਲੇਠੀ ਪੁਸਤਕ ਬਾਰੇ ਵਿਚਾਰ ਚਰਚਾ ਕਰਨਗੇ।