ਸੂਬਾ ਸਰਕਾਰ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੇਗੀ
ਗੁਰਦਾਸਪੁਰ, 25 ਅਕਤੂਬਰ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਿੰਡਾਂ ਅਤੇ ਸਹਿਰਾਂ ਦੇ ਖਿਡਾਰੀਆਂ ਨੂੰ ਮੰਚ ਦੇ ਕੇ ਸੁਨਿਹਰੀ ਇਤਿਹਾਸ ਸਿਰਜਿਆ ਹੈ, ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਕੋ ਸੁਫਨਾ ਹੈ ਕਿ ਪੰਜਾਬ ਨੂੰ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਲੈਕੇ ਆਉਣਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਕਰੀਬ ਹਰ ਪਿੰਡ-ਸ਼ਹਿਰ ਵਿਚੋਂ ਨੌਜਵਾਨਾਂ ਨੇ ਹਿੱਸਾ ਲਿਆ ਹੈ। ਨੌਜਵਾਨਾਂ ਨੇ ਮੁੜ ਖੇਡ ਸਭਿਆਚਾਰ ਨੂੰ ਆਪਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਖੇਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਜਿਸ ਕਾਰਨ ਖੇਡ ਸਭਿਆਚਾਰ ਖਤਮ ਹੋਣ ਨਾਲ ਨਸ਼ੇ ਵੱਧ ਗਏ ਸਨ ਤੇ ਪੰਜਾਬ ਖੇਡਾਂ ਵਿਚ ਹੇਠਾਂ ਖਿਸਕ ਗਿਆ, ਜਿਹੜਾ ਕਦੇ ਪਹਿਲੇ ਨੰਬਰ ਉੱਤੇ ਹੁੰਦਾ ਸੀ।
ਰਮਨ ਬਹਿਲ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਆਨਲਾਈਨ ਰਜਿਟ੍ਰੇਸ਼ਨ ਨਾਲ ਇਹ ਪਤਾ ਲੱਗ ਗਿਆ ਹੈ ਕਿ ਕਿਸ ਜ਼ਿਲ੍ਹੇ ਵਿਚ ਕਿਹੜੀ ਖੇਡ ਦਾ ਰੁਝਾਨ ਵੱਧ ਹੈ। ਪੰਜਾਬ ਸਰਕਾਰ ਵੱਲੋਂ ਉਸ ਹਿਸਾਬ ਨਾਲ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਲਬੀਰ ਸਿੰਘ ਸੀਨੀਅਰ ਵਜੀਫਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕੌਮੀ ਪੱਧਰ ਉਤੇ ਪੁਜੀਸਨਾਂ ਹਾਸਲ ਕਰਨ ਵਾਲਿਆਂ ਨੂੰ 08 ਹਜਾਰ ਰੁਪਏ ਪ੍ਰਤੀ ਮਹੀਨਾ ਦੇਣੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਅਜਿਹੇ ਯਤਨਾ ਨਾਲ ਸੂਬਾ ਪੰਜਾਬ ਖੇਡਾਂ ਦੇ ਖੇਤਰ ਵਿੱਚ ਇੱਕ ਵਾਰ ਫਿਰ ਮੋਹਰੀ ਬਣੇਗਾ।