ਅਧਿਆਪਕ ਹਰ ਸਮੱਸਿਆ ਦਾ ਹੱਲ : ਐਸ.ਐਸ.ਪੀ. ਦੀਪਕ ਪਾਰੀਕ

-ਵਣ ਵਿਸਥਾਰ ਰੇਂਜ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਵਣ ਮਹਾਂਉਤਸਵ ਦਾ ਆਯੋਜਨ

ਪਟਿਆਲਾ, 5 ਸਤੰਬਰ:-  
ਅਧਿਆਪਕ ਹਰ ਸਮੱਸਿਆ ਦੀ ਜੜ ਉਤੇ ਵਾਰ ਕਰਨ ਦੇ ਸਮਰੱਥ ਹੁੰਦੇ ਹਨ। ਵਾਤਾਵਰਣ ਸੰਕਟ ਤੋਂ ਲੈ ਕੇ ਭ੍ਰਿਸ਼ਟਾਚਾਰ, ਅਪਰਾਧ, ਸਮਾਜਿਕ ਬੁਰਾਈਆਂ ਆਦਿ ਸਭ ਸਮੱਸਿਆਵਾਂ ਦਾ ਹੱਲ ਕੇਵਲ ਅਧਿਆਪਕਾਂ ਕੋਲ ਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ ਪਟਿਆਲਾ ਦੀਪਕ ਪਾਰੀਕ ਨੇ ਕੀਤਾ। ਉਹ ਪੁਲਿਸ ਡੀਏਵੀ ਪਬਲਿਕ ਸਕੂਲ ਦਦਹੇੜਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਅਤੇ ਵਣ ਮਹਾਂਉਤਸਵ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਵਣ ਮਹਾਂਉਤਸਵ ਦਾ ਆਯੋਜਨ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਣ ਵਿਸਥਾਰ ਰੇਂਜ ਪਟਿਆਲਾ ਨੇ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਮੈਡਮ ਵਿੱਦਿਆ ਸਾਗਰੀ ਆਰ.ਯੂ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੀਤਾ ਗਿਆ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਅਧਿਆਪਕ ਦਿਵਸ ਨੂੰ ਸਮਰਪਿਤ ਇਸ ਵਣ ਮਹਾਂਉਤਸਵ ਦੌਰਾਨ ਐਸ.ਐਸ.ਪੀ. ਪਾਰੀਕ ਨੇ ਸਕੂਲ ਕੈਂਪਸ ਵਿੱਚ ਮੌਲਸਰੀ ਦਾ ਬੂਟਾ ਲਗਾਇਆ।
ਸ੍ਰੀ ਪਾਰੀਕ ਨੇ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਦੇ ਕੇ ਅਧਿਆਪਕ ਚੰਗੇ ਨਾਗਰਿਕ ਬਣਾਉਂਦੇ ਹਨ। ਚੰਗੇ ਨਾਗਰਿਕ ਹੀ ਚੰਗੇ ਸਮਾਜ ਅਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਸ੍ਰੀ ਪਾਰੀਕ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਸੀ.ਬੀ.ਐਸ.ਈ. ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਅਤੇ ਸੌ ਫ਼ੀਸਦੀ ਨਤੀਜਾ ਪ੍ਰਾਪਤ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਮਿਹਨਤ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਮੀਨਾ ਥਾਪਰ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਅਧਿਆਪਕ ਦਿਵਸ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਵਣ ਰੇਂਜ (ਵਿਸਥਾਰ) ਪਟਿਆਲਾ ਤੋਂ ਬੀਟ ਅਫ਼ਸਰ ਅਮਨ ਅਰੋੜਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਵਿੱਚ ਅਧਿਆਪਕਾਂ ਦੀ ਭੂਮਿਕਾ ਮਹੱਤਵਪੂਰਨ ਹੈ। ਬੱਚਿਆਂ ਵਿੱਚ ਕੁਦਰਤ ਪ੍ਰਤੀ ਮੋਹ ਪੈਦਾ ਕਰਕੇ ਇੱਕ ਹਰੇ-ਭਰੇ ਅਤੇ ਪ੍ਰਦੂਸ਼ਣ ਮੁਕਤ ਦੇਸ਼ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਵਣ ਵਿਸਥਾਰ ਰੇਂਜ ਪਟਿਆਲਾ ਵੱਲੋਂ ਵਾਤਾਵਰਣ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਵਣ ਵਿਸਥਾਰ ਰੇਂਜ ਵੱਲੋਂ ਸਮੂਹ ਅਧਿਆਪਕਾਂ ਨੂੰ ਹੈਬੀਸਕਸ ਅਤੇ ਗੁਲਾਬ ਦੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਅਧਿਆਪਕ ਗੁਰਪ੍ਰੀਤ ਕੌਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਵਣ ਬੀਟ ਅਫ਼ਸਰ ਮਨਵੀਨ ਕੌਰ ਔਲ਼ਖ, ਅਧਿਆਪਕ ਅੰਜਨਾ ਕਪੂਰ, ਉਪਾਸਨਾ ਕਟਾਰੀਆ, ਨੀਰਜ ਮੋਹਨ ਅਤੇ ਟੀਚਿੰਗ ਸਟਾਫ਼ ਦੇ ਮੈਂਬਰ ਮੌਜੂਦ ਸਨ।

 

ਹੋਰ ਪੜ੍ਹੋ :-  ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲਜ ਅਧਿਆਪਕਾਂ ਨੂੰ ਵੱਡੀਆਂ ਸੌਗਾਤਾਂ ਦਿੱਤੀਆਂ – ਚੇਅਰਮੈਨ ਰਮਨ ਬਹਿਲ

Spread the love