ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਅੱਜ ਵੀ ਪੂਰੀ ਤਰਾਂ ਪ੍ਰਸੰਗਿਕ
ਜ਼ਿਲਾ ਪੱਧਰ ’ਤੇ ਬਲੀਦਾਨ ਦਿਵਸ ਸਬੰਧੀ ਸਮਾਗਮ-ਸ਼ਹੀਦਾਂ ਨੂੰ ਕੀਤਾ ਸਿਜਦਾ
ਗੁਰਦਾਸਪੁਰ, 30 ਜਨਵਰੀ 2022
ਦੇਸ਼ ਦੀ ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਸਬੰਧੀ, ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੋਰ ਪੜ੍ਹੋ :-ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਧਾਰਿਆ 2 ਮਿੰਟ ਦਾ ਮੌਨ: ਵਿਵੇਕ ਐਸ ਸੋਨੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਏ ਗਏ ਹਨ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ। ਉਨਾਂ ਕਿਹਾ ਸ਼ਹੀਦਾਂ ਨੂੰ ਸਰਧਾਂਜਲੀ ਇਹੀ ਹੋਵੇਗੀ ਕਿ ਅਸ਼ੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਬਣਦੀ ਜਿੰਮੇਵਾਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈਏ ਅਤੇ ਆਪਸੀ ਭਾਈਚਾਰਕ ਸਾਂਝ ਤੇ ਅਮਨ–ਸ਼ਾਂਤੀ ਲਈ ਆਪਣਾ ਬਣਦਾ ਯੋਗਦਾਨ ਪਾਈਏ।
ਉਨਾਂ ਅੱਗੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅੱਜ ਵੀ ਪੂਰੀ ਤਰਾਂ ਪ੍ਰਸੰਗਿਕ ਹਨ ਅਤੇ ਸਾਨੂੰ ਉਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਨੇ ਅਹਿੰਸਾ ਦਾ ਉਪਦੇਸ਼ ਦਿੱਤਾ ਤੇ ਸਾਂਝੀਵਾਲਤਾ ਅਤੇ ਅਮਨ-ਸਾਂਤੀ ਲਈ ਆਪਣਾ ਬਲੀਦਾਨ ਦਿੱਤਾ, ਜੋ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਸ਼ਹੀਦਾਂ ਵਲੋਂ ਸੰਜੋਏ ਸੁਪਨੇ ਸਾਕਾਰ ਕਰੀਏ ਅਤੇ ਦੇਸ਼ ਦੀ ਮਜ਼ਬੂਤੀ ਲਈ ਅੱਗੇ ਆਈਏ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕ ਸੂਰਬੀਰ ਯੋਧਿਆ ਤੇ ਵੀਰਾਂ ਦੀ ਬਦੌਲਤ ਸਾਨੂੰ ਸਾਲ 15 ਅਗਸਤ 1947 ਵਿਚ ਆਜ਼ਾਦੀ ਮਿਲੀ ਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਬਣਿਆ, ਜਿਸ ਰਾਹੀ ਸਾਨੂੰ ਵੱਖ-ਵੱਖ ਅਧਿਕਾਰ ਮਿਲੇ। ਇਨਾਂ ਅਧਿਕਾਰਾਂ ਤਹਿਤ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਮਿਲਿਆ। ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਹੋ ਰਹੀਆਂ ਹਨ। ਇਸ ਲਈ ਜ਼ਿਲੇ ਦੇ ਸਮੂਹ ਵੋਟਰ ਆਪਣੀ ਵੋਟ ਦੇ ਹੱਕ ਦਾ ਜਰੂਰ ਇਸਤੇਮਾਲ ਕਰਨ ਅਤੇ ਲੋਕਤੰਤਰ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਪਾਉਣ।
ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ ਤੇ ਸਾਇਰਨ ਵਜਾ ਕੇ 2 ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਸਮੂਹ ਹਾਜ਼ਰੀਨ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਤਸਵੀਰ ਤੇ ਫੁੱਲ ਅਰਪਨ ਕਰਕੇ ਉਨਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ, ਮੈਡਮ ਇਨਾਯਤ ਸਹਾਇਕ ਕਮਿਸ਼ਨਰ (ਜ),ਪਵਿੱਤਰ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਹਰਜਿੰਦਰ ਸਿੰਘ ਡੀਡੀਪੀਓ, ਸੁਰਿੰਦਰ ਕੁਮਾਰ ਡੀ.ਐਸ.ਪੀ, ਹਰਪਾਲ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਡਾ. ਸਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਜਤਿੰਦਰ ਸ਼ਰਮਾ ਐਸ.ਈ ਪਾਵਰਕਾਮ, ਰਜੇਸ਼ ਮੋਹਨ ਐਕਸੀਅਨ ਪੀ.ਡਬਲਿਊ.ਡੀ, ਗਾਰਡ ਕਮਾਂਡਰ ਐਸ.ਆਈ ਅਨਿਲ ਕੁਮਾਰ, ਰਾਜੀਵ ਕੁਮਾਰ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।