ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ : ਐਸ.ਡੀ.ਐਮ. ਮੋਹਾਲੀ

ਮੋਹਾਲੀ ਦੇ ਐਸ ਡੀ ਐਮ ਵਲੋਂ ਮਿਠਾਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ
ਐਸ.ਏ.ਐਸ. ਨਗਰ 30 ਜੁਲਾਈ :- 
ਜ਼ਿਲ੍ਹਾ ਵਾਸੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ. ਮੋਹਾਲੀ ਸ਼੍ਰੀਮਤੀ ਸਰਬਜੀਤ ਕੌਰ ਨੇ ਮਿਠਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਸਿਹਤ ਵਿਭਾਗ ਦੀ ਟੀਮਾ ਵੀ ਨਾਲ ਮੌਕੇ ਤੇ ਮੌਜੂਦ ਸਨ।
     ਚੈਕਿੰਗ ਦੌਰਾਨ ਐਸ ਡੀ ਐਮ ਵਲੋਂ ਮੋਹਾਲੀ ਦੀ ਮੇਨ ਮਾਰਕੀਟ ਲਾਈਨ ਫੇਸ 5, 3b2, 7 ਵਿਖੇ ਮੌਜੂਦ ਕਟਾਣੀ , ਸਿੰਧੀ, ਖਾਲਸਾ, ਅੰਮ੍ਰਿਤ, ਹੁਸ਼ਿਆਰਪੁਰ ਵਾਲਿਆ ਦੀ ਦੁਕਾਨ, ਭੈਣਾਂ ਦਾ ਢਾਬਾ ਆਦਿ ਸਾਰੀਆ ਮਿਠਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਮੌਕੇ ਤੇ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਵਲੋਂ ਕੁੱਝ ਦੁਕਾਨਾਂ ਵਾਲਿਆਂ ਨੂੰ ਰੰਗਦਾਰ ਮਿਠਾਈ ਬਣਾਉਣ ਤੋਂ ਵੀ ਵਰਜਿਆ ਗਿਆ| ਇਸ ਮੌਕੇ ਦੁਕਾਨਦਾਰਾਂ ਨੂੰ ਸੁਰਖਿਆ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਵੀ ਕੀਤਾ ਗਿਆ|
    ਇਸ ਮੌਕੇ ਗੱਲ ਕਰਦਿਆਂ ਐਸ ਡੀ ਐਮ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ  ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਗੰਦਾ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਸਾਮਾਨ ਨਾ ਵੇਚਿਆ ਜਾ ਸਕੇ|
     ਉਨ੍ਹਾਂ ਦੱਸਿਆ ਕਿ ਚੈੱਕ ਕੀਤੀਆਂ ਦੁਕਾਨਾਂ ਵਿੱਚ ਮੌਕੇ ਤੇ ਕੋਈ ਵੀ ਸਿਹਤ ਪ੍ਰਤੀ ਨੁਕਸਾਨ ਕਰਨ ਵਾਲੀਆਂ ਕਮੀਆਂ ਨਹੀਂ ਪਾਈਆਂ ਗਈਆਂ | ਉਹਨਾਂ ਮੌਕੇ ਤੇ ਦੁਕਾਨਦਾਰਾਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਅਜਿਹੀਆਂ ਚੈਕਿੰਗਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਮੋਹਾਲੀ ਦੀਆ ਮਿਠਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਅਤੇ ਦੁਕਾਨਦਾਰਾਂ ਵਲੋਂ ਖਾਣ ਪੀਣ ਵਾਲੀਆਂ ਵਸਤਾਂ ਬਣਾਉਣ ਵਾਲੇ ਸਟੋਰ ਵੀ ਜਲਦ ਹੀ ਚੈੱਕ ਕੀਤੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਕੋਰੋਨਾ ਦੀ ਮਹਾਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਬਿਮਾਰੀ ਤੋਂ ਬਚਾਓ ਲਈ ਸਾਰੇ ਲੋੜੀਂਦੇ ਪ੍ਰਬੰਧ ਵੀ ਬਰਕਰਾਰ ਰੱਖਣ ਦੀ ਹਦਾਇਤ ਵੀ ਦਿੱਤੀ।