ਸਮੇਂ ਸਿਰ ਇਲਾਜ ਨਾਲ ਅੱਖਾਂ ਦੀਆਂ 80 ਫ਼ੀਸਦੀ ਸਮੱਸਿਆਵਾਂ ਨੂੰ ਰੋਕਣਾ ਸੰਭਵ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ  

ਗੁਰਿੰਦਰਬੀਰ ਕੌਰ  
ਸਮੇਂ ਸਿਰ ਇਲਾਜ ਨਾਲ ਅੱਖਾਂ ਦੀਆਂ 80 ਫ਼ੀਸਦੀ ਸਮੱਸਿਆਵਾਂ ਨੂੰ ਰੋਕਣਾ ਸੰਭਵ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ  
ਮੋਬਾਇਲ ਦੇ ਵੱਧ ਇਸਤੇਮਾਲ ਨਾਲ ਨੌਜਵਾਨ ਪੀੜ੍ਹੀ ਹੋ ਰਹੀ ਅੱਖਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ
ਨਵਾਂਸ਼ਹਿਰ, 14 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਅੱਖਾਂ ਦੀ ਰੌਸ਼ਨੀ ਨੂੰ ਦਰੁਸਤ ਰੱਖਣ ਲਈ ਕੁੱਝ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਸਾਲ ਵਿਸ਼ਵ ਦ੍ਰਿਸ਼ਟੀ ਦਿਵਸ ਦਾ ਥੀਮ ‘ਆਪਣੀਆਂ ਅੱਖਾਂ ਨਾਲ ਪਿਆਰ ਕਰੋ’ ਹੈ। ਇਸ ਮੌਕੇ ਅੱਖਾਂ ਦੇ ਮਾਹਰ ਡਾ ਨਵਰੀਤ ਕੌਰ ਨੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ।

ਹੋਰ ਪੜ੍ਹੋ :-ਮਗਨਰੇਗਾ ਸਕੀਮ ਅਧੀਨ ਜ਼ਿਲੇ੍ਹ ਅੰਦਰ ਨਿਕਲੀਆਂ ਅਸਾਮੀਆਂ, 21 ਅਕਤੂਬਰ ਤੱਕ ਨੋਜਵਾਨ ਕਰ ਸਕਦੇ ਨੇ ਅਪਲਾਈ

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਅੱਖਾਂ ਕੁਦਰਤ ਦਾ ਅਨਮੋਲ ਤੋਹਫਾ ਹਨ, ਜਿਸ ਦੀ ਸਾਂਭ ਸੰਭਾਲ ਅਤਿ ਜ਼ਰੂਰੀ ਹੈ। ਅੱਜ-ਕੱਲ੍ਹ ਤਣਾਓ ਭਰਪੂਰ ਸਮਾਂ ਹੈ, ਜਿਸ ਕਰਕੇ ਅੱਖਾਂ ’ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਤਣਾਓ ਨੂੰ ਘੱਟ ਕਰਨਾ ਚਾਹੀਦਾ ਹੈ। ਅੱਖਾਂ ਸਾਡੇ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿਚ ਸ਼ੁਮਾਰ ਹਨ। ਦੁਨੀਆਂ ਵਿੱਚ ਲਗਭਗ ਤਿੰਨ ਕਰੋੜ 70 ਲੱਖ ਤੋਂ ਵੱਧ ਲੋਕ ਨੇਤਰਹੀਣ ਹਨ, ਜਿਨ੍ਹਾਂ ਵਿਚੋਂ ਡੇਢ ਕਰੋੜ ਤੋਂ ਵੱਧ ਸਿਰਫ਼ ਭਾਰਤ ਵਿਚ ਹਨ। ਲੋਕਾਂ ਵਿੱਚ ਅਨ੍ਹੇਪਨ ਦਾ ਕਾਰਨ ਜਾਗਰੂਕਤਾ ਦੀ ਕਮੀ ਵੀ ਹੈ। ਜੇ ਅੱਖਾਂ ਦਾ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ 80 ਫ਼ੀਸਦੀ ਅੰਨੇਪਣ ਤੇ ਨਜ਼ਰ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ 20 ਫੀਸਦੀ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਅਤੇ 60 ਫੀਸਦੀ ਸਮੱਸਿਆਵਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਅੱਖਾਂ ਦੀ ਨਿਰੰਤਰ ਜਾਂਚ-ਪੜਤਾਲ ਬਹੁਤ ਜ਼ਰੂਰੀ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਬਚਿਆ ਜਾਵੇ ਕਿਉਂਕਿ ਇਹ ਆਦਤਾਂ ਮੋਤੀਆਬਿੰਦ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਦਾ ਵੱਡਾ ਕਾਰਨ ਹਨ। ਤੰਬਾਕੂਨੋਸ਼ੀ ਅੱਖਾਂ ਤੇ ਸਰੀਰ ਦੇ ਵੱਖ-ਵੱਖ ਅੰਗਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਤੰਬਾਕੂਨੋਸ਼ੀ ਤੋਂ ਗੁਰੇਜ਼ ਕੀਤਾ ਜਾਵੇ। ਪੜ੍ਹਨ ਵੇਲੇ ਘੱਟ ਰੌਸ਼ਨੀ ਵਿੱਚ ਨਹੀਂ ਪੜ੍ਹਨਾ ਚਾਹੀਦਾ ਅਤੇ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਟੇਲੀਵਿਜਨ ਵੇਖਣ ਸਮੇਂ ਅਤੇ ਕੰਪਿਊਟਰ ਦੀ ਵਰਤੋਂ ਕਰਨ ਵੇਲੇ ਉੱਚਤ ਦੂਰੀ ਤੇ ਰੌਸ਼ਨੀ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਮੋਬਾਇਲ ਦੇ ਵੱਧ ਇਸਤੇਮਾਲ ਨਾਲ ਨੌਜਵਾਨ ਪੀੜ੍ਹੀ ਅੱਖਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ, ਇਸ ਲਈ ਸਮੇਂ ਸਮੇਂ ਉੱਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸ਼ੂਗਰ ਦਾ ਮਰੀਜ਼ ਹੈ ਤਾਂ ਉਸ ਨੂੰ ਸਮੇਂ ਸਮੇਂ ਸਿਰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਸ਼ੂਗਰ ਨੂੰ ਕੰਟਰੋਲ ਵਿਚ ਰੱਖਣ ਲਈ ਲੋੜੀਂਦਾ ਇਲਾਜ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦਾ ਅੱਖਾਂ ਦੇ ਪਰਦੇ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਕਿਸੇ ਵੀ ਨੂੰ 40 ਸਾਲ ਦੀ  ਉਮਰ ਤੋਂ ਬਾਅਦ ਧੁੰਦਲਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਮੋਤੀਆਬਿੰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਇਲਾਜ ਲਈ ਮਾਹਰ ਡਾਕਟਰ ਕੋਲੋਂ ਆਪਰੇਸ਼ਨ ਕਰਵਾਇਆ ਜਾ ਸਕਦਾ ਹੈ ਤਾਂ ਜੋ ਨਿਗਾ ਸਾਰੀ ਉਮਰ ਬਰਕਰਾਰ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਖਾਂ ਵਿੱਚ ਕੁੱਝ ਪੈ ਜਾਵੇ ਜਾਂ ਅੱਖਾਂ ਮੱਚਣ ਤਾਂ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ। ਨਜ਼ਦੀਕ ਜਾਂ ਦੂਰ ਦੀ ਵਸਤੂ ਸਹੀ ਨਾ ਦਿੱਸਣ ’ਤੇ ਡਾਕਟਰ ਕੋਲੋਂ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਜਰੂਰ ਕਰਵਾਓ। ਕਾਲਾ ਮੋਤੀਆ ਜਾਂ ਮੋਤੀਆਬਿੰਦ ਅੱਖਾਂ ਦੀ ਰੌਸ਼ਨੀ ਖਤਮ ਕਰ ਦਿੰਦਾ ਹੈ, ਇਸ ਲਈ ਅੱਖਾਂ ਦੀ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਉਣ ਵਿੱਚ ਅਣਗਿਹਲੀ ਨਹੀਂ ਵਰਤਣੀ ਚਾਹੀਦੀ।
ਇਸ ਮੌਕੇ ਅੱਖਾਂ ਦੇ ਮਾਹਰ ਡਾ. ਨਵਰੀਤ ਕੌਰ ਨੇ ਅੱਖਾਂ ਦੀ ਸਾਂਭ-ਸੰਭਾਲ ਕਰਨ ਲਈ ਲੋਕਾਂ ਨਾਲ ਕੁਝ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਸੰਤੁਲਿਤ ਖੁਰਾਕ ਅਤੇ ਅੱਖਾਂ ਦੀ ਕਸਰਤ ਕਰਨ ਦੀ ਮਹੱਤਤਾ ਦੇ ਨਾਲ-ਨਾਲ ਤਿਓਹਾਰਾਂ ਦੇ ਸੀਜਨ ਵਿਚ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਆਪਣੀਆਂ ਅੱਖਾਂ ਨੂੰ ਬਚਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਲਈ ਹਰੀਆਂ ਪੱਤੇਦਾਰ ਵਿਟਾਮਿਨ-ਏ ਤੇ ਭਰਪੂਰ ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ। ਤੰਬਾਕੂਨੋਸ਼ੀ ਸਿਹਤ ਤੇ ਅੱਖਾਂ ਦੀ ਨਿਰਧਾਰਿਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਉੱਚਿਤ ਸਮੇਂ ’ਤੇ ਕੀਤਾ ਇਲਾਜ ਬਹੁਤ ਸਾਰੇ ਮਾਮਲਿਆਂ ਇਹ ਅੰਨਪਣ ਤੇ ਨਜ਼ਰ ਦੀ ਕਮਜ਼ੋਰੀ ਨੂੰ ਰੋਕ ਸਕਦਾ ਹੈ। ਮੋਤੀਆਂ ਬਿੰਦ ਦਾ ਇਲਾਜ ਸਾਰੇ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਸਿਹਤ ਸੰਬੰਧੀ ਜਾਣਕਾਰੀ ਲੈਣ ਟੋਲ-ਫ੍ਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਨਵਰੀਤ ਕੌਰ ਨੇ ਦੱਸਿਆ ਕਿ ਬਲਾਈਂਡਨੈੱਸ ਦਾ ਮੁੱਖ ਕਾਰਣ ਕੈਟਰੈਕਟ, ਗਲੂਕੋਮਾ, ਡਾਇਬਿਿਟਕ ਰੈਟੀਨੋਪੈਥੀ ਅਤੇ ਕਾਰਨੀਅਲ ਬਲਾਈਂਡਨੈੱਸ ਹੈਜ਼ਿਆਦਾਤਰ ਲੋਕ ਮੋਤੀਆ ਦੇ ਇਲਾਜ ਅਤੇ ਆਪਰੇਸ਼ਨ ਨੂੰ ਲੈ ਕੇ ਜਾਗਰੂਕ ਨਹੀਂ ਹਨ। ਮੋਤੀਆਬਿੰਦ ਦੀ ਸਰਜਰੀ ਕਰਵਾਉਣ ਤੋਂ ਪਹਿਲਾਂ ਲੋਕ ਇਸ ਦੇ ਪੱਕਣ ਦਾ ਇਤਜ਼ਾਰ ਕਰਦੇ ਹਨ, ਜਿਸ ਕਾਰਨ ਕਈ ਵਾਰ ਸਥਿਤੀ ਬਦਤਰ ਹੋ ਜਾਂਦੀ ਹੈ ਤੇ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪੜਾਅ ਵਿੱਚ ਇਸ ਦੀ ਸਰਜਰੀ ਕੀਤੀ ਜਾ ਸਕਦੀ ਹੈ। ਇਹੀ ਨਹੀਂ ਵਿਟਾਮਿਨ-ਏ ਦੀ ਕਮੀ ਵੀ ਅਨ੍ਹੇਪਣ ਦਾ ਕਾਰਨ ਬਣਦੀ ਹੈ। ਉਨ੍ਹਾਂ ਲੋਕਾਂ ਨੂੰ ਸੰਤੁਲਤ ਭੋਜਨ ਦਾ ਸੇਵਨ ਕਰਨ, ਅੱਖਾਂ ਨੂੰ ਸੂਰਜ ਦੀ ਸਿੱਧੀ ਰੋਸ਼ਣੀ ਤੋਂ ਬਚਾਉਣ, ਖਤਰਨਾਕ ਕੰਮ ਵਾਲੀਆਂ ਥਾਵਾਂ ਤੇ ਅੱਖਾਂ ਨੂੰ ਬਚਾਉਣ ਲਈ ਸੁਰੱਖਿਆ ਚਸ਼ਮਾ ਪਾਉਣ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ ਅਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ, ਬਲਾਕ ਐਜੂਕੇਟਰ ਵਿਕਾਸ ਵਿਰਦੀ, ਫਾਰਮੇਸੀ ਅਫਸਰ ਪ੍ਰਿੰਸ, ਐੱਲ.ਐੱਚ.ਵੀ. ਬਲਵਿੰਦਰ ਕੌਰ, ਨਰਸਿੰਗ ਸਿਸਟਰ ਰਾਜ ਰਾਣੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।