ਕੋਵਿਡ ਦੇ ਨਵੇਂ ਵੈਰੀਐਂਟ ਤੋਂ ਬਚਾਅ ਲਈ ਡੀ.ਸੀ. ਨੇ ਕੀਤੀ ਸਿਹਤ ਵਿਭਾਗ ਅਤੇ ਹੋਰਨਾਂ ਸਬੰਧਤ ਵਿਭਾਗਾਂ ਨਾਲ ਉੱਚ ਪੱਧਰੀ ਮੀਟਿੰਗ

ਸਿਹਤ ਵਿਭਾਗ ਨੂੰ ਸੈਂਪਲਿੰਗ ਅਤੇ ਟੈਸਟਿੰਗ ਵਧਾਉਣ ਦੇ ਨਿਰਦੇਸ਼

ਜ਼ਿਲ੍ਹੇ ਵਿੱਚ ਵੱਖ ਵੱਖ ਸਥਾਨਾਂ ਤੇ ਟੀਕਾਕਰਨ ਦੇ ਵੱਧ ਤੋਂ ਵੱਧ ਕੈਂਪ ਲਗਾ ਕੇ 10 ਹਜ਼ਾਰ ਦਾ ਟੀਚਾ ਪੂਰਾ ਕਰਨ ਦੀ ਅਪੀਲ

ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਵੈ-ਇੱਛਕ ਤੌਰ ਤੇ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ

ਕਿਸੇ ਵੀ ਸਥਿਤੀ ਨਾਲ ਨਿੱਜਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ

ਐਸ.ਏ.ਐਸ. ਨਗਰ 2 ਦਸੰਬਰ

ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕੋਰਨ ਤੋਂ ਬਚਾਅ ਲਈ ਸਾਵਧਾਨੀਆ ਵਰਤਣ ਅਤੇ ਟੈਸਟਿੰਗ ਤੇ ਟੀਕਾਕਰਨ ਦੇ ਟੀਚੇ ਨੂੰ ਹਾਸਿਲ ਕਰਨ ਦੇ ਮੰਤਵ ਅਧੀਨ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਅਤੇ ਉੱਚ ਪ੍ਰਸ਼ਾਸ਼ਕੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀਮਤੀ ਕੋਮਲ ਮਿੱਤਲ , ਵਧੀਕ ਡਿਪਟੀ ਕਮਿਸ਼ਨਰ(ਵ) ਸ੍ਰੀ ਹਿੰਮਾਸ਼ੂ ਅਗਰਵਾਲ , ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ. ਖਰੜ ਸ੍ਰੀ ਅਭਿਕੇਸ਼ ਗੁਪਤਾ , ਐਸ.ਡੀ.ਐਮ. ਸ੍ਰੀ ਕੁਲਦੀਪ ਸਿੰਘ ਬਾਵਾ , ਸਿਵਲ ਸਰਜਨ ਸ੍ਰੀਮਤੀ ਆਦਰਸ਼ਪਾਲ ਕੌਰ ਤੋਂ ਇਲਾਵਾ ਸਮੂਹ ਐਸ.ਐਮ.ਓਜ਼ ਵੀ ਹਾਜ਼ਰ ਸਨ।

ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਮਹਾਂਮਾਰੀ ਦੇ ਠੱਲ ਪੈਣ ਤੋਂ ਬਾਅਦ ਹੁਣ ਕੋਵਿਡ ਦੇ ਨਵੇਂ ਵੈਰੀਐਂਟ ਓਮੀਕੋਰਨ ਦੇ ਬਾਰੇ ਚਰਚਾ ਕੀਤੀ ਗਈ ਕਿ ਕਿਸ ਪ੍ਰਕਾਰ ਇਹ ਨਵਾਂ ਵੈਰੀਐਂਟ ਵਿਸ਼ਵੀ ਪੱਧਰ ਤੇ ਆਪਣੇ ਪੈਰ ਪਸਾਰਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਕਿ ਜਿਸ ਪ੍ਰਕਾਰ ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਔਖੇ ਦੌਰ ਸਮੇਂ ਦਿਨ ਰਾਤ ਇੱਕ ਕਰਕੇ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਦੀ ਸੈਪਲਿੰਗ ਅਤੇ ਟੀਕਾਕਰਨ ਕੀਤਾ ਸੀ, ਉਸੀ ਪ੍ਰਕਾਰ ਹੀ ਉਨ੍ਹਾਂ ਨੂੰ ਆਪਣੀਆਂ ਸਮੂਹ ਟੀਮਾਂ ਨੂੰ ਐਕਟੀਵ ਕਰਕੇ ਉਸੇ ਪੱਧਰ ਤੇ ਲੋਕਾਂ ਦੀ ਸੈਪਲਿੰਗ ਅਤੇ ਟੀਕਾਕਰਨ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਸ ਗੱਲ ਦੀ ਚਿੰਤਾ ਵੀ ਜਾਹਿਰ ਕੀਤੀ ਕਿ ਕੋਵਿਡ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਠੱਲਣ ਤੋਂ ਬਾਅਦ ਲੋਕ ਬਹੁਤ ਜ਼ਿਆਦਾ ਅਵੇਸਲੇ ਹੋ ਗਏ ਹਨ ਅਤੇ ਉਹ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਜਿਵੇਂ ਮਾਸਕ ਦੀ ਵਰਤੋਂ , ਹੱਥਾਂ ਨੂੰ ਵਾਰ ਵਾਰ ਸੈਨੀਟਾਈਜ਼ ਜਾਂ ਸਾਬਣ ਨਾਲ ਧੋਣਾ , ਸ਼ੋਸ਼ਲ ਡਿਸਟੈਸਸਿੰਗ ਦੀ ਪਾਲਣਾ ਕਰਨਾ ਅਤੇ ਵੱਡੀ ਗਿਣਤੀ ਵਿੱਚ ਇਕੱਠ ਨਾ ਕਰਨਾ ਆਦਿ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਸਿਵਲ ਸਰਜਨ ਨੂੰ ਇਹ ਨਿਰਦੇਸ਼ ਦਿੱਤੇ ਕਿ ਪ੍ਰਤੀ ਦਿਨ ਘੱਟੋ ਘੱਟ ਤਿੰਨ ਹਜ਼ਾਰ ਸੈਂਪਲ ਲਏ ਜਾਣ, ਜਦਕਿ 10 ਹਜ਼ਾਰ ਲੋਕਾਂ ਦਾ ਟੀਕਾਕਰਨ ਪ੍ਰਤੀ ਦਿਨ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸੇ ਵੀ ਹੰਗਾਮੀ ਹਾਲਤ ਨਾਲ ਨਿੱਜਠਣ ਲਈ ਉਨ੍ਹਾਂ ਹਸਪਤਾਲਾਂ ਵਿੰਚ ਆਕਸੀਜਨ ਅਤੇ ਬੈਂਡਾਂ  ਦੀ ਉਪਲਬਤਾਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਆਮ ਜਨਤਾ ਨੂੰ ਇਹ ਅਪੀਲ ਵੀ ਜਾਰੀ ਕੀਤੀ ਕਿ ਭਾਵੇਂ ਓਮੀਕੋਰਨ ਤੋਂ ਫਿਲਹਾਲ ਕਿਸੇ ਤਰ੍ਹਾਂ ਦਾ ਸਿਹਮ ਨਹੀਂ ਰੱਖਣਾ ਚਾਹੀਦਾ ਪਰ ਸਾਡੀਆਂ ਤਿਆਰੀਆਂ ਮੁਕੰਮਲ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਹੰਗਾਮੀ ਹਾਲਤਾਂ ਵਿੱਚ ਇਸ ਦਾ ਟਾਕਰਾਂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਅਤੇ ਕਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਗੇ ਆ ਕੇ ਆਪਣੇ ਪਰਿਵਾਰਕ ਮੈਂਬਰਾਂ , ਦੋਸਤਾ ਅਤੇ ਮਿੱਤਰਾਂ ਨੂੰ ਵੈਕਸੀਨੇਸ਼ਨ ਲਈ ਜਾਗਰੂਕ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ :- ਮੋਤੀਆ ਮੁਕਤ ਅਭਿਆਨ ਤਹਿਤ ਜਾਗਰੂਕਤਾ ਵੈਨ ਰਵਾਨਾ