ਭਾਰਤੀ ਕਬੱਡੀ ਟੀਮ ਦੀ ਚੋਣ ਲਈ ਅੱਜ ਹੋਏ ਟਰਾਇਲ

ਚੰਡੀਗੜ/ਜਲੰਧਰ, 18 ਨਵੰਬਰ:
ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਨਾਮਵਰ ਟੂਰਨਾਮੈਂਟ ਕਰਵਾਉਣ ਤੋਂ ਇਲਾਵਾ ਸੂਬੇ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ। ਇਸ ਸਬੰਧੀ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਰਗ ਦਰਸ਼ਨ ਅਨੁਸਾਰ 1 ਤੋਂ 10 ਦਸੰਬਰ 2019 ਤੱਕ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਹਿੱਸਾ ਲੈਣ ਲਈ ਭਾਰਤੀ ਕਬੱਡੀ ਟੀਮ ਦੀ ਚੋਣ ਕਰਨ ਲਈ ਟਰਾਇਲ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਕਰਵਾਏ ਗਏ। ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਸ਼ਾਮ ਨੂੰ ਹੋਵੇਗੀ।
ਇਹ ਪ੍ਰਗਟਾਵਾ ਕਰਦਿਆਂ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਉਦਘਾਟਨ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਵਿਖੇ 1 ਦਸੰਬਰ 2019 ਨੂੰ ਕੀਤਾ ਜਾਵੇਗਾ। 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਵਿਖੇ ਮੈਚ ਖੇਡੇ ਜਾਣਗੇ। 4 ਦਸੰਬਰ ਦੇ ਮੁਕਾਬਲੇ ਸ੍ਰੀ ਗੁਰੂ ਹਰ ਸਹਾਏ ਸਟੇਡੀਅਮ, ਫਿਰੋਜ਼ਪੁਰ, 5 ਦਸੰਬਰ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਅਤੇ 6 ਦਸੰਬਰ ਦੇ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸੈਮੀਫਾਈਨਲ 8 ਦਸੰਬਰ, 2019 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਸਮਾਪਤੀ ਸਮਾਗਮ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਜ਼ਿਲਾ ਗੁਰਦਾਸਪੁਰ) ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗਾ।
ਸ੍ਰੀ ਕਰਤਾਰ ਸਿੰਘ ਨੇ ਅੱਗੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਉਨਾਂ ਇਹ ਵੀ ਦੱਸਿਆ ਕਿ ਖੇਡ ਵਿਭਾਗ ਵੱਲੋਂ ਗਠਿਤ ਚੋਣ ਕਮੇਟੀ ਵੱਲੋਂ ਇਹ ਟਰਾਇਲ ਬਹੁਤ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਕਰਵਾਏ ਗਏ। ਟਰਾਇਲ ਦੌਰਾਨ ਸੁਰੱਖਿਆ, ਮੈਡੀਕਲ ਅਤੇ ਸਟੇਡੀਅਮ ਦੀ ਸਫਾਈ ਵਰਗੇ ਪ੍ਰਬੰਧ ਖੇਡ ਵਿਭਾਗ ਪੰਜਾਬ ਵੱਲੋਂ ਕੀਤੇ ਗਏ ਸਨ।
ਉਨਾਂ ਇਹ ਵੀ ਕਿਹਾ ਕਿ ਚੋਣ ਕਮੇਟੀ ਵਿੱਚ ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਸੈਂਹਬੀ, ਅਰਜੁਨ ਐਵਾਰਡੀ ਹਰਦੀਪ ਸਿੰਘ, ਜ਼ਿਲਾ ਖੇਡ ਅਧਿਕਾਰੀ ਜਲੰਧਰ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਬਾਬਾ, ਅਮਨਪ੍ਰੀਤ ਸਿੰਘ ਮੱਲੀ ਅਤੇ ਕਬੱਡੀ ਕੋਚ ਪਟਿਆਲਾ ਗੁਰਪ੍ਰੀਤ ਸਿੰਘ ਸ਼ਾਮਲ ਸਨ।
———-