ਜਲੰਧਰ, 05 ਫਰਵਰੀ 2022
ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਨਿਰਦੇਸ਼ਾਂ ’ਤੇ ਭੈੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਲੁੱਟਾਂ-ਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਖੋਹ ਕੀਤੇ ਮੋਬਾਇਲ, ਲੇਡੀ ਪਰਸ ਅਤੇ ਚਾਂਦੀ ਦੇ ਗਹਿਣੇ ਆਦਿ ਬਰਾਮਦ ਕੀਤੇ ਗਏ।
ਹੋਰ ਪੜ੍ਹੋ:-ਅਸੀਂ ਆਪਣੀ ਨਹੀਂ, ਪੰਜਾਬ ਅਤੇ ਪੰਜਾਬੀ ਦੀ ਰੱਖਿਆ ਕਰਨੀ ਹੈ : ਭਗਵੰਤ ਮਾਨ
ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਨਾਗਰਾ ਉਰਫ਼ ਲਾਡੀ ਵਾਸੀ ਉੱਚਾ ਸੁਰਾਜ ਗੰਜ ਅਤੇ ਵਿਵੇਕ ਸਭਰਵਾਲ ਉਰਫ਼ ਨੀਲਾ ਵਾਸੀ ਸ਼ਕਤੀ ਨਗਰ ਜਲੰਧਰ ਵਜੋਂ ਹੋਈ ਹੈ ਜਿਨਾਂ ਨੇ ਪਿਛਲੇ ਦਿਨੀ ਇਕ ਔਰਤ ਤੋਂ ਉਸਦਾ ਪਰਸ ਖੋਹਿਆ ਸੀ ਜਿਸ ਵਿੱਚ ਆਈ ਫੋਨ 13- ਪਰੋ, ਅਧਾਰ ਕਾਰਡ, ਏ.ਟੀ.ਐਮ.ਕਾਰਡ , ਚਾਂਦੀ ਦੇ ਗਹਿਣੇ ਤੇ ਕਾਫ਼ੀ ਨਗਦੀ ਆਦਿ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਦੋਵੇਂ ਪਿਛਲੇ ਲੰਮੇ ਸਮੇਂ ਤੋਂ ਲੁੱਟਾਂ-ਖੋਹਾਂ ਨੂੰ ਅੰਜ਼ਾਮ ਦੇ ਰਹੇ ਹਨ ਜਿਨਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ 01 ਫਰਵਰੀ ਨੂੰ ਅਕਾਸ਼ਦੀਪ ਕੌਰ ਵਾਸੀ ਤਲਵੰਡੀ ਡੋਗਰਾ ਜ਼ਿਲਾ ਅੰਮਿ੍ਰਤਸਰ ਹਾਲ ਵਾਸੀ ਮਾਡਲ ਟਾਊਨ ਜਲੰਧਰ ਨੇ ਦੱਸਿਆ ਕਿ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਪਰਸ ਖੋਹਿਆ ਜਿਸ ’ਤੇ ਥਾਣਾ ਡਵੀਜ਼ਨ ਨੰਬਰ 6 ਵਿਖੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ।
ਡੀ.ਸੀ.ਪੀ. ਰੰਧਾਵਾ ਨੇ ਦੱਸਿਆ ਕਿ ਏ.ਸੀ.ਪੀ.ਮਾਡਲ ਟਾਊਨ ਗੁਰਪ੍ਰੀਤ ਸਿੰਘ ਗਿੱਲ ਅਤੇ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਸਕੂਟਰੀ, ਵੱਖ-ਵੱਖ ਥਾਵਾਂ ਤੋਂ ਖੋਹੇ ਮੋਬਾਇਲ, ਲੇਡੀ ਪਰਸ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਉਨਾਂ ਦੱਸਿਆ ਕਿ ਸੁਖਵਿੰਦਰ ਨਾਗਰਾ ਖਿਲਾਫ਼ ਪਹਿਲਾਂ ਵੀ 16 ਅਤੇ ਵਿਵੇਕ ਸਭਰਵਾਲ ਖਿਲਾਫ਼ 10 ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ ਦੋਵਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਹੋਰ ਵਾਰਦਾਤਾਂ ਵੀ ਹੱਲ ਕੀਤੀਆਂ ਜਾ ਸਕਣ।
ਕੈਪਸ਼ਨ :- ਕਮਿਸ਼ਨਰੇਟ ਪੁਲਿਸ ਵਲੋਂ ਫੜੇ ਗਏ ਲੁੱਟਾਂ-ਖੋਹਾਂ ਕਰਨ ਵਾਲੇ ਮੁਲਜ਼ਮ।