ਲੋਕਾਂ ਨੂੰ ਆਯੂਸ਼ਮਾਨ ਕਾਰਡ ਬਣਾਉਣ ਦੀ ਅਪੀਲ
ਫਾਜ਼ਿਲਕਾ, 19 ਅਪ੍ਰੈਲ 2022
ਫਾਜ਼ਿਲਕਾ ਜ਼ਿਲ੍ਹੇ ਦੇ ਆਯੂਸ਼ਮਾਨ ਸਿਹਤ ਬੀਮਾ ਤਹਿਤ ਹੁਣ ਤੱਕ 22936 ਲੋਕਾਂ ਨੇ 22.40 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਿੱਤੀ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ, ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਕਿਰਤੀਆਂ ਅਤੇ ਪੱਤਰਕਾਰਾਂ ਲਈ ਸਿਹਤ ਬੀਮਾ ਸਕੀਤ ਚਲਾਈ ਜਾ ਰਹੀ ਹੈ। ਇਸ ਸਕੀਮ ਤਹਿਤ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲਾਭਪਾਤਰੀਆਂ ਨੇ ਹਾਲੇ ਤੱਕ ਆਪਣੇ ਸਿਹਤ ਬੀਮਾ ਕਾਰਡ ਨਹੀਂ ਬਣਵਾਏ ਉਹ ਬਿਨਾਂ ਦੇਰੀ ਇਹ ਕਾਰਡ ਨੇੜੇ ਦੇ ਕਾਮਨ ਸਰਵਿਸ ਸੈਂਟਰ ਜਾਂ ਸੇਵਾ ਕੇਂਦਰ ਤੋਂ ਬਣਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 1 ਲੱਖ 69 ਹਜ਼ਾਰ 225 ਪਰਿਵਾਰਾਂ ਦੇ 3 ਲੱਖ 42 ਹਜ਼ਾਰ 688 ਮੈਂਬਰਾਂ ਦੇ ਕਾਰਡ ਬਣ ਚੁੱਕੇ ਹਨ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਰਹਿੰਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਛੇਤੀ ਕਾਰਡ ਬਣਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਤਹਿਤ 14 ਹਜ਼ਾਰ 607 ਲੋਕਾਂ ਨੇ ਸਰਕਾਰੀ ਹਸਪਤਾਲਾਂ ਤੋਂ ਅਤੇ 8 ਹਜ਼ਾਰ 329 ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਆਪਣਾ ਮੁਫ਼ਤ ਇਲਾਜ ਕਰਵਾਇਆ ਹੈ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਨਾ ਕੇਵਲ ਸਰਕਾਰੀ ਸਗੋਂ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਇਲਾਜ ਦੀ ਸਹੂਲਤ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਅਬੋਹਰ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਖੂਈਖੇੜਾ, ਡੱਬਵਾਲਾ ਕਲਾ ਅਤੇ ਸੀਤੋ ਗੁੰਨੋਂ ਵਿਖੇ ਇਸ ਸਕੀਮ ਤਹਿਤ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਤੋਂ ਬਿਨਾਂ ਅੰਮ੍ਰਿਤ ਹਸਪਤਾਲ, ਗੁਪਤਾ ਨਰਸਿੰਗ ਹੋਮ, ਮੁਜਰਾਲ ਨਰਸਿੰਗ ਹੋਮ, ਦੰਗ ਆਈ ਹਸਪਤਾਲ, ਲੂਣਾ ਚਾਈਲਡ ਹਸਪਤਾਲ,ਰਾਜਨ ਕੱਕੜ ਚਾਈਲਡ ਹਸਪਤਾਲ, ਨਵਰਤਨ ਚਾਈਲਡ ਹਸਪਤਾਲ, ਅਰੋੜਾ ਓਰਥੋ ਹਸਪਤਾਲ, ਲੂਣਾ ਨਰਸਿੰਗ ਹੋਮ, ਸਾਈਂ ਨਰਸਿੰਗ ਹੋਮ, ਵੀ-ਕੇਅਰ ਹਸਪਤਾਲ, ਨਾਗਪਾਲ ਨਰਸਿੰਗ ਹੋਮ, ਗਲੋਬਲ ਆਈ ਹਸਪਤਾਲ, ਏਕਜੋਤ ਆਈ ਹਸਪਤਾਲ, ਚਲਾਣਾ ਆਈ ਹਸਪਤਾਲ ਅਤੇ ਸੁਖਮਨੀ ਆਈ ਹਸਪਤਾਲ ਪ੍ਰਾਈਵੇਟ ਹਸਪਤਾਲ ਵੀ ਇਸ ਸਕੀਮ ਤਹਿਤ ਰਜਿਸਟਰਡ ਹਨ।