18 ਸਾਲ ਉਮਰ ਵਰਗ ਦੇ ਨਾਗਰਿਕ 30 ਨਵੰਬਰ ਤੱਕ ਚੱਲ ਰਹੀ ਸਰਸਰੀ ਸੁਧਾਈ ਦੌਰਾਨ ਆਪਣੀ ਵੋਟ ਜ਼ਰੂਰ ਬਣਵਾਉਣ : ਡਵੀਜ਼ਨਲ ਕਮਿਸ਼ਨਰ
ਬੂਥ ਪੱਧਰ ‘ਤੇ 21 ਨਵੰਬਰ ਨੂੰ ਵੀ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ
ਲੋਕਾਂ ਨੂੰ ਵੋਟਾਂ ਬਣਾਉਣ, ਠੀਕ ਕਰਨ ਅਤੇ ਕੱਟਣ ਲਈ ਕਮਿਸ਼ਨ ਦੀ ਵੈੱਬਸਾਈਟ ਜਾਂ ਵੋਟਰ ਹੈਲਪਲਾਈਨ ਐਪ ‘ਤੇ ਆਨਲਾਈਨ ਅਪਲਾਈ ਕਰਨ ਲਈ ਕਿਹਾ
ਪਟਿਆਲਾ, 20 ਨਵੰਬਰ 2021
ਕਮਿਸ਼ਨਰ ਪਟਿਆਲਾ ਮੰਡਲ ਸ਼੍ਰੀ ਚੰਦਰ ਗੈਂਦ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਵੱਲੋਂ ਅੱਜ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਵੋਟਾਂ ਦੀ ਸਰਸਰੀ ਸੁਧਾਈ ਲਈ ਜ਼ਿਲ੍ਹੇ ਦੇ ਪੋਲਿੰਗ ਬੂਥਾਂ ‘ਤੇ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਪਟਿਆਲਾ ਚਰਨਜੀਤ ਸਿੰਘ ਵੀ ਮੌਜੂਦ ਸਨ।
ਹੋਰ ਪੜ੍ਹੋ :-ਭੈਣੀ ਸਾਹਿਬ ਖੇਡ ਮਾਡਲ ਦੇ ਆਧਾਰ ‘ਤੇ ਸੂਬੇ ਭਰ ‘ਚ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ – ਮੁੱਖ ਮੰਤਰੀ ਚੰਨੀ
ਇਸ ਮੌਕੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ 1 ਜਨਵਰੀ 2022 ਦੀ ਉਮਰ ਹੱਦ ਨੂੰ ਆਧਾਰ ਮੰਨ ਕੇ 18 ਸਾਲ ਜਾਂ ਇਸ ਤੋਂ ਉੱਪਰ ਉਮਰ ਵਰਗ ਦੇ ਨਾਗਰਿਕਾਂ ਨੂੰ ਮਤਦਾਤਾ ਵਜੋਂ ਰਜਿਸਟਰ ਕਰਨ ਲਈ ਆਰੰਭੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ 18 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਨਾਗਰਿਕ ਇੱਕ ਨਵੰਬਰ ਤੋਂ 30 ਨਵੰਬਰ ਤੱਕ ਚੱਲ ਰਹੀ ਇਸ ਮੁਹਿੰਮ ਦੌਰਾਨ ਆਪਣੀ ਵੋਟ ਜ਼ਰੂਰ ਬਣਵਾਉਣ। ਨਿਰੀਖਣ ਦੌਰਾਨ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਤੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਟੇਟ ਲਾਇਬ੍ਰੇਰੀ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਮੁਹਿੰਮ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਬੂਥ ਪੱਧਰ ‘ਤੇ 21 ਨਵੰਬਰ (ਐਤਵਾਰ) ਨੂੰ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਆਪਣੇ ਨੇੜਲੇ ਚੋਣ ਬੂਥ ਅਤੇ ਉਸ ਤੋਂ ਬਾਅਦ ਆਪਣੇ ਚੋਣ ਬੂਥ ਦੇ ਬੀ ਐਲ ਓ ਨਾਲ ਜਾਂ ਐਸ ਡੀ ਐਮ ਦਫ਼ਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਜਾਂ ਨੈਸ਼ਨਲ ਸਰਵਿਸ ਵੋਟਰ ਪੋਰਟਲ (voteportal.eci.gov.in) ‘ਤੇ ਸੰਪਰਕ ਕਰਕੇ ਆਪਣੀ ਵੋਟ ਬਣਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟ ਸੂਚੀ ‘ਚ ਦਰੁਸਤੀ ਜਾਂ ਵੋਟ ਕਟਵਾਉਣ ਲਈ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਟੋਲ ਫ੍ਰੀ ਨੰਬਰ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵੋਟ ਬਣਵਾਉਣ ਲਈ ਫ਼ਾਰਮ ਭਰਨ ਮੌਕੇ ਰੰਗਦਾਰ ਪਾਸਪੋਰਟ ਸਾਈਜ਼ ਫੋਟੋ, ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਲਾਜ਼ਮੀ ਹੈ। ਇਸ ਤੋਂ ਇਲਾਵਾ ਮੋਬਾਈਲ ਐਪ ਵੋਟਰ ਹੇਲਪਲਾਇਨ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਕੈਪਸ਼ਨ: ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਤੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਚੈਕਿੰਗ ਦੌਰਾਨ ਸਟੇਟ ਲਾਇਬ੍ਰੇਰੀ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ।