ਕੇਂਦਰੀ ਬਜਟ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ: ਹਰਸਿਮਰਤ ਕੌਰ ਬਾਦਲ

Harsimrat Kaur Badal
Harsimrat Kaur Badal
ਸਾਰੀਆਂ 22 ਫਸਲਾਂ ’ਤੇ ਐਮ ਐਸ ਪੀ ਯਕੀਨੀ ਬਣਾਉਣ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ ਅਤੇ ਐਮ ਐਸ ਐਮ ਈ ਸੈਕਟਰ ਨੂੰ ਸੁਰਜੀਤ ਕੀਤਾ ਜਾਵੇ
 
ਚੰਡੀਗੜ੍ਹ, 24 ਮਾਰਚ 2025
ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਤੇ ਉਹਨਾਂ ਮੰਗ ਕੀਤੀ ਕਿ  ਸਾਰੀਆਂ 22 ਫਸਲਾਂ ਲਈ ਐਮ ਐਸ ਪੀ ਯਕੀਨੀ ਬਣਾਉਣ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ ਅਤੇ ਐਮ ਐਸ ਐਮ ਈ ਸੈਕਅਰ ਸੁਰਜੀਤ ਕੀਤਾ ਜਾਵੇ।

ਇਥੇ ਸੰਸਦ ਵਿਚ ਇਕ ਅਹਿਮ ਭਾਸ਼ਣ ਦਿੰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਨੀਤੀ ਆਯੋਗ ਦੇ ਵਿੱਤੀ ਸਿਹਤ ਇੰਸਡੈਕਸ ਵਿਚ 10.7 ਫੀਸਦੀ ਦੇ ਸਕੋਰ ਨਾਲ ਸਭ ਤੋਂ ਹੇਠਾਂ ਹੈ ਜਦੋਂ ਕਿ ਉੜੀਸਾ 67.8 ਫੀਸਦੀ ਦੇ ਸਕੋਰ ਨਾਲ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਤੇ ਪਿਛਲੀ ਕਾਂਗਰਸ ਸਰਕਾਰ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਹਨ ਕਿਉਂਕਿ ਇਹਨਾਂ ਵੱਲੋਂ ਸੂਬੇ ਵਾਸਤੇ ਕੇਂਦਰ ਦੀ ਮਦਦ ਲੈਣ ਦੇ ਕੋਈ ਯਤਨ ਨਹੀਂ ਕੀਤੇ ਗਏ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਬੇਰੋਜ਼ਗਾਰੀ ਦੀ ਹਾਲਾਤ ’ਤੇ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਸੈਕੰਡਰੀ ਤੇ ਹਾਇਰ ਐਜੂਕੇਸ਼ਨ ਪ੍ਰਾਪਤ ਬੇਰੋਜ਼ਗਾਰ ਨੌਜਵਾਨਾਂ ਦੀ ਗਿਣਤੀ 2002 ਵਿਚ 35 ਫੀਸਦੀ ਤੋਂ ਵੱਧ ਕੇ 2022 ਵਿਚ 65 ਫੀਸਦੀ ਹੋ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕੰਪਿਊਟਰੀਕਰਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਣ ਨੌਕਰੀਆਂ ਤੋਂ ਵਾਂਝੇ ਹੋ ਰਹੇ ਨੌਜਵਾਨ ਦੇ ਮਾਮਲੇ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਚੁੱਕਿਆ।

ਬਠਿੰਡਾ ਦੇ ਐਮ ਪੀ ਨੇ ਐਮ ਐਸ ਐਮ ਈ ਸੈਕਟਰ ਦੀ ਗੱਲ ਕਰਦਿਆਂ ਕਿਹਾ  ਕਿ ਇਹ ਸੈਕਟਰ ਦੇਸ਼ ਦੀ ਜੀ ਡੀ ਪੀ ਵਿਚ 30 ਫੀਸਦੀ ਅਤੇ ਕੁੱਲ ਬਰਾਮਦਾਂ ਵਿਚ 50 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਇਸ ਸੈਕਟਰ ਨੂੰ ਅਣਡਿੱਠ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਜਾਏ ਕਰਜ਼ੇ ਨਾਲ ਜੁੜੀ ਪੂੰਜੀਗਤ ਸਬਸਿਡੀ ਸਕੀਮ ਨੂੰ ਹੋਰ ਉਦਾਰੀ ਬਣਾਉਣ ਦੇ ਇਸਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਈਕਲਾਂ ’ਤੇ ਦਰਾਮਦ ਡਿਊਟੀ 35 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਨਾਲ ਸਾਈਕਲ ਇੰਡਸਟਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਸਰਦਾਰਨੀ ਬਾਦਲ ਨੇ ਇਹ ਵੀ ਮੰਗ ਕੀਤੀਕਿ ਕੇਂਦਰ ਸਰਕਾਰ ਇਹ ਭਰੋਸਾ ਦੇਵੇ ਕਿ ਇਹ ਅਮਰੀਕਾ ਸਰਕਾਰ ਵੱਲੋਂ ਨਿਰੰਤਰ ਪਾਏ ਜਾ ਰਹੇ ਦਬਾਅ ਅੱਗੇ ਗੋਡੇ ਨਹੀਂ ਟੇਕੇਗੀ ਕਿਉਂਕਿ ਉਹ ਸਰਕਾਰ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਖੋਲ੍ਹੇ ਜਾਣ ਦੀ ਮੰਗ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸੈਕਟਰ ਵਿਚ ਅੰਨ੍ਹੇਵਾਹ ਦਰਾਮਦਾਂ ਦੀ ਆਗਿਆ ਦੇ ਦਿੱਤੀ ਗਈ ਤਾਂ ਇਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਵੇਗੀ।