ਆਗਾਮੀ ਵਿਧਾਨ ਸਭਾ ਚੋਣਾਂ ‘ਚ ਐਮ.ਸੀ.ਐਮ.ਸੀ.ਪੇਡ ਨਿਊਜ਼ ‘ਤੇ ਰੱਖੇਗੀ ਬਾਜ ਅੱਖ

MCMC Meeting
ਆਗਾਮੀ ਵਿਧਾਨ ਸਭਾ ਚੋਣਾਂ 'ਚ ਐਮ.ਸੀ.ਐਮ.ਸੀ.ਪੇਡ ਨਿਊਜ਼ 'ਤੇ ਰੱਖੇਗੀ ਬਾਜ ਅੱਖ
ਡਿਪਟੀ ਕਮਿਸ਼ਨਰ ਨੇ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ ਨਾਲ ਕੀਤੀ ਮੀਟਿੰਗ
ਸੋਸ਼ਲ ਮੀਡੀਆ ‘ਤੇ ਵੀ ਰੱਖੀ ਜਾਵੇਗੀ ਤਿੱਖੀ ਨਜ਼ਰ

ਪਟਿਆਲਾ, 30 ਦਸੰਬਰ 2021

ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਪੇਡ ਨਿਊਜ਼ ‘ਤੇ ਨਿਗਾਹ ਰੱਖੇਗੀ ਅਤੇ ਪੇਡ ਨਿਊਜ਼ ਦੇ ਮਾਮਲਿਆਂ ‘ਤੇ ਸਖ਼ਤੀ ਨਾਲ ਕਾਰਵਾਈ ਕਰੇਗੀ।

ਹੋਰ ਪੜ੍ਹੋ :-ਖਾਧ ਸੁਰੱਖਿਆ ਐਕਟ ਤਹਿਤ ਬਿੱਲ/ਰਸੀਦ ’ਤੇ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ: ਜ਼ਿਲਾ ਸਿਹਤ ਅਫਸਰ

ਇਸ ਸਬੰਧੀ ਜ਼ਿਲ੍ਹਾ ਹੈੱਡਕੁਆਟਰ ਵਿਚ ਐਮ.ਸੀ.ਐਮ.ਸੀ. ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਚੋਣ ਜ਼ਾਬਤਾ ਲੱਗਣ ਦੇ ਤੁਰੰਤ ਬਾਅਦ ਕਮੇਟੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਮ.ਸੀ.ਐਮ.ਸੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।

ਹੋਰ ਪੜ੍ਹੋ :-ਭਾਈ ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੌਰਾਨ ਉਹ ਇਮਾਨਦਾਰੀ ਤੇ ਨਿਸ਼ਠਾ ਨਾਲ ਕੰਮ ਕਰਨ ਅਤੇ ਪੇਡ ਨਿਊਜ਼ ਦੇ ਮਾਮਲਿਆਂ ਵਿਚ ਤੁਰੰਤ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਆਰ.ਓ ਪੱਧਰ ‘ਤੇ ਬਣਾਈ ਗਈ ਐਮ.ਸੀ.ਐਮ.ਸੀ ਦੀ ਟਰੇਨਿੰਗ ਵੀ ਕਰਵਾਈ ਜਾ ਰਹੀ ਹੈ। ਕਮੇਟੀ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ‘ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ, ਤਾਂ ਜੋ ਪੇਡ ਨਿਊਜ਼ ਜਾਂ ਬਿਨਾਂ ਮਨਜ਼ੂਰੀ ਵਿਗਿਆਪਨ ਟੈਲੀਕਾਸਟ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਇਲੈਕਟ੍ਰੋਨਿਕ ਮੀਡੀਆ ‘ਤੇ ਵਿਗਿਆਪਨ ਟੈਲੀਕਾਸਟ ਕਰਵਾਉਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਵਿਗਿਆਪਨ ਟੈਲੀਕਾਸਟ ਹੋਣ ਤੋਂ 72 ਘੰਟੇ ਪਹਿਲਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਮਨਜ਼ੂਰੀ ਲਈ ਅਪਲਾਈ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਮੀਦਵਾਰ ਰਾਜਨੀਤਿਕ ਪਾਰਟੀ ਜਾਂ ਕੋਈ ਵੀ ਹੋਰ ਵਿਅਕਤੀ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਖ਼ਿਲਾਫ਼ ਵਿਗਿਆਪਨ ਨਹੀਂ ਦੇ ਸਕਦਾ। ਉਮੀਦਵਾਰ ਵੱਲੋਂ ਬਲਕ ਐਸ.ਐਮ.ਐਸ. ਵੱਟਸਐਪ ਮੈਸੇਜ ਤੋਂ ਇਲਾਵਾ ਰੇਡੀਓ ਤੇ ਸਿਨੇਮਾ ਹਾਲ ਆਦਿ ਵਿਚ ਵਿਗਿਆਪਨ ਲਈ ਵੀ ਪ੍ਰੀ-ਸਰਟੀਫਿਕੇਸ਼ਨ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆ ਦੇ ਆਰ.ਓਜ਼ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।

ਇਸ ਮੌਕੇ ਐਸ.ਡੀ.ਐਮ. ਦੁਧਨਸਾਧਾਂ ਅੰਕੁਰ ਸਿੰਘ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਆਬਕਾਰੀ ਵਿਭਾਗ ਦੇ ਏ.ਈ.ਟੀ.ਸੀ. ਮੋਬਾਇਲ ਵਿੰਗ ਮਨਜੀਤ ਸਿੰਘ ਚੀਮਾ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਐਸ.ਡੀ.ਐਮ ਸਮਾਣਾ ਸਵਾਤੀ ਟਿਵਾਣਾ, ਐਸ.ਡੀ.ਐਮ ਨਾਭਾ ਕੰਨੂ ਗਰਗ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਆਲ ਇੰਡੀਆ ਰੇਡਿਓ ਪਟਿਆਲਾ ਦੇ ਸਟੇਸ਼ਨ ਡਾਇਰੈਕਟਰ ਅਜੀਤ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਸੰਜੀਵ ਕੁਮਾਰ ਤੋਂ ਇਲਾਵਾ ਹੋਰ ਅਫ਼ਸਰ ਵੀ ਮੌਜੂਦ ਸਨ।

ਕੈਪਸ਼ਨ : ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ ਨਾਲ ਮੀਟਿੰਗ ਕਰਦੇ ਹੋਏ।

Spread the love