ਅੰਮ੍ਰਿਤਸਰ 27 ਦਸੰਬਰ 2021
ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਅੰਦਰ ਹਾੜੀ ਸੀਜਨ ਦੌਰਾਨ ਲਗਭਗ 98% ਰਕਬੇ ਉੱਤੇ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਲਗਭਗ 3000 ਹੈਕਟੇਅਰ ਹੋਰ ਰਕਬੇ ਉੱਤੇ ਕਣਕ ਦੀ ਲੇਟ ਬਿਜਾਈ ਹੋਵੇਗੀ।
ਹੋਰ ਪੜ੍ਹੋ :-ਜ਼ਿਲ੍ਹੇ ਦੇ ਗੈਰ ਕਾਨੂੰਨੀ ਠੇਕਿਆਂ ਤੇ ਅਤੇ ਪਾਬੰਦੀਸ਼ੁਦਾ ਦਵਾਈ ਵੇਚਣ ਵਾਲਿਆਂ ਡੀਲਰਾਂ ਤੇ ਨਿਯਮਾਂ ਅਨੁਸਾਰ ਕੀਤੀ ਜਾਵੇ ਕਾਰਵਾਈ
ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਬੀਜੀ ਕਣਕ ਨੂੰ ਕਿਸਾਨ ਵੀਰ ਖੇਤੀ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਰਸਾਇਣਿਕ ਖਾਦ ਤੋਂ ਵੱਧ ਮਾਤਰਾ ਵਿੱਚ ਖਾਦ ਪਾਉਣ ਤੋਂ ਗੁਰੇਜ ਕਰਨ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਖਰਚੇ ਵੱਧ ਜਾਂਦੇ ਹਨ। ਉਹਨਾਂ ਕਿਹਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ 2 ਬੋਰੀਆਂ ਯੂਰੀਆਂ ਖਾਦ ਕਣਕ ਦੀ ਬਿਜਾਈ ਤੋਂ 55 ਦਿਨਾਂ ਤੱਕ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਖਾਦ ਦੀ ਹੋਰ ਵੱਧ ਮਾਤਰਾ ਪਾਉਣ ਦੀ ਲੋੜ ਨਹੀ ਹੁੰਦੀ ਕਿਉਂਕਿ ਵੱਧ ਖਾਦ ਪਾਉਣ ਨਾਲ ਝਾੜ੍ਹ ਤਾਂ ਨਹੀ ਵਧਦਾ, ਪ੍ਰੰਤੂ ਤੇਲਾ ਅਤੇ ਹੋਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ, ਜਿਸ ਕਰਕੇ ਇਹਨਾਂ ਅਲਾਮਤਾ ਦੀ ਰੋਕਥਾਮ ਕਰਨ ਲਈ ਕਈ ਵਾਰ ਫਸਲ ਤੇ ਰਸਾਇਣਿਕ ਸਪਰੇਆਂ ਕਰਨ ਦੀ ਜਰੂਰਤ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਹੋਰ ਵੱਧ ਜਾਂਦੇ ਹਨ। ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਹਰੇਕ ਵਾਰ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਹਰੇਕ ਵਾਰ ਪਾਉਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਿਲੇ ਅੰਦਰ ਹਾੜੀ ਸੀਜਨ ਦੌਰਾਨ ਲਗਭਗ 57700 ਮੀਟਰਿਕ ਟਨ ਯੂਰੀਆ ਖਾਦ ਲੌੜੀਂਦੀ ਹੈ ਜਿਸ ਵਿੱਚੋਂ ਹੁਣ ਤੱਕ 45617 ਮੀਟਿਰਿਕ ਟਨ ਖਾਦ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਚੁੱਕੀ ਹੈ ਅਤੇ ਹਾੜੀ ਸੀਜਨ ਦੌਰਾਨ ਖਾਦ ਦੀ ਪੂਰਤੀ ਲਈ 12094 ਮੀਟਿਰਿਕ ਟਨ ਯੂਰੀਆ ਖਾਦ ਦਾ ਸਟਾਕ ਹੋਰ ਲੌੜੀਂਦਾ ਹੈ। ਕਿਸਾਨਾਂ ਵੱਲੋਂ ਰੇਲ ਟਰੈਕਾਂ ਤੇ ਲਗਾਏ ਧਰਨਿਆਂ ਕਾਰਨ ਪਿਛਲੇ ਹਫਤੇ ਤੋ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਯੂਰੀਆ ਖਾਦ ਦਾ ਇੱਕ ਰੈਕ ਵਾਪਸ ਚਲ ਗਿਆ ਹੈ ਅਤੇ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਰੁਕ ਗਈ ਹੈ। ਜੇਕਰ ਇਹ ਸਪਲਾਈ ਇਸ ਹਫਤੇ ਚਾਲੂ ਨਾ ਹੋਈ ਤਾਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਦਾ ਸਾਹਮਣਾਂ ਕਰਨਾ ਪਵੇਗਾ। ੳੇੁਹਨਾਂ ਕਿਸਾਨ ਜਥੇਬੰਦੀਆਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੀ ਅਪੀਲ ਕੀਤੀ ਕਿ ਤਾਂ ਜੋ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਮੁੜ ਬਹਾਲ ਹੋ ਸਕੇ।
ਕੈਪਸ਼ਨ : ਫਾਈਲ ਫੋਟੋ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ