ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ਬਲੌਰੀ ਅੱਖ ਵਾਲਾ ਮੁੰਡਾ ਪਾਠਕਾਂ ਸਨਮੁਖ ਪੇਸ਼

ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ਬਲੌਰੀ ਅੱਖ ਵਾਲਾ ਮੁੰਡਾ ਪਾਠਕਾਂ ਸਨਮੁਖ ਪੇਸ਼
ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ਬਲੌਰੀ ਅੱਖ ਵਾਲਾ ਮੁੰਡਾ ਪਾਠਕਾਂ ਸਨਮੁਖ ਪੇਸ਼

ਲੁਧਿਆਣਾ  1 ਅਪ੍ਰੈਲ 2022

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ਬਲੌਰੀ ਅੱਖ ਵਾਲਾ ਮੁੰਡਾ ਪਾਠਕਾਂ ਸਪੁਰਦ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਪ੍ਰਬੰਧਕ ਕਮੇਟੀ ਪ੍ਰਧਾਨ ਡਾਃ ਸ ਪ ਸਿੰਘ ਨੇ ਕਿਹਾ ਹੈ ਕਿ
ਪਰਵੇਜ਼ ਸੰਧੂ ਦੀਆਂ ਕਹਾਣੀਆਂ ਵਿੱਚ ਮਨ ਦੀਆਂ ਬਾਰੀਕ ਪਰਤਾਂ ਦਾ ਲੇਖਾ ਜੋਖਾ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਸਾਨੂੰ ਅਮਰੀਕਨ ਗੋਰੇ ਗੋਰੀਆਂ ਲੱਗਣ ਦੀ ਥਾਂ ਦਰਦਾਂ ਦੇ ਅਜਿਹੇ ਭੰਡਾਰ ਜਾਪਦੇ ਹਨ ਜਿੰਨ੍ਹਾਂ ਦੀ ਬਾਤ ਨੂੰ ਹੁੰਗਾਰਾ ਭਰਨ ਵਾਲਾ ਕੋਈ ਨਹੀਂ। ਪਰਵੇਜ਼ ਉਨ੍ਹਾਂ ਦੇ ਦੁੱਖਾਂ ਦੀ ਰਾਜ਼ਦਾਨ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਕਹਾਣੀ ਲਿਖਦੀ ਨਹੀਂ, ਪਾਉਂਦੀ ਹੈ ।

ਹੋਰ ਪੜ੍ਹੋ :-‘ਆਪ’ ਸਰਕਾਰ ਨੇ ਬਿਜਲੀ ਕੀਮਤਾਂ ਨਾ ਵਧਾ ਕੇ ਲੋਕ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ: ਡਾ. ਸੰਨੀ ਆਹਲੂਵਾਲੀਆ

ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਪਾਕਿਸਤਾਨ ਵਿੱਚ ਆਸਿਫ਼ ਰਜ਼ਾ ਸ਼ਾਹਮੁਖੀ ਵਿੱਚ ਲਿਪੀਅੰਤਰ ਕਰ ਰਿਹਾ ਹੈ।
ਨਿੱਕੇ-ਨਿੱਕੇ ਵਾਕ ਸ਼ਬਦਾਂ ਦੇ ਸਵੈਟਰ ਬੁਣਦੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜ ਜੋੜ ਨਿੱਘ ਬਖ਼ਸ਼ਦੀ ਹੈ। ਧੁਰ ਅੰਦਰ ਬੈਠੀ ਮਾਸੂਮ ਬਾਲੜੀ ਨੂੰ ਕਹਿੰਦੀ ਹੈ ਕਿ ਤੂੰ ਬੋਲਦੀ ਕਿਓਂ ਨਹੀਂ । ਸੱਚੋ ਸੱਚ ਦੱਸ ਦੇ ਸਾਰਾ ਕੁਝ ਕੌੜਾ ਕੁਸੈਲਾ, ਦਮ ਘੋਟੂ ਧੂੰਏਂ ਜਿਹਾ ਸੋਨਪਰੀ ਦੀ ਅੰਤਰ ਪੀੜ ਜੇ ਤੂੰ ਨਹੀਂ ਸੁਣਾਏਂਗੀ ਤਾਂ ਮਰ ਜਾਏਂਗੀ ।

ਮਰ ਨਾ, ਸੁਣਾ ਦੇ ਬੇਬਾਕੀ ਨਾਲ ।
ਸੁਣਨ ਵਾਲਿਆਂ ਨੂੰ ਸ਼ੀਸ਼ਾ ਵਿਖਾ ।

ਅਪਰਾਧ ਮੁਕਤ ਹੋ ਜਾ । ਏਨਾ ਭਾਰ ਚੁੱਕ ਕੇ ਕਿਵੇਂ ਤੁਰੇਂਗੀ ।ਪਰਵੇਜ਼ ਸੰਧੂ ਕਹਾਣੀ ਨਹੀਂ ਲਿਖਦੀ ਪਿਘਲਦੀ ਹੈ।
ਸਰੀ(ਕੈਨੇਡਾ) ਸਥਿਤ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਮਾਧੋਪੁਰੀ ਨੇ ਕਿਹਾ ਕਿ ਮੇਰਾ ਸੁਭਾਗ ਹੈ ਕਿ ਅਮਰੀਕਾ ਕੈਨੇਡਾ ਸਰਹੱਦ ਤੇ ਵੱਸਦੀ ਸਮਰੱਥ  ਕਹਾਣੀਕਾਰ ਪਰਵੇਜ਼ ਸੰਧੂ ਦੀ ਪੁਸਤਕ ਦੇ ਲੋਕ ਸਮਰਪਣ ਵੇਲੇ ਮੈਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲੁਧਿਆਣਾ ਵਿੱਚ ਹਾਜ਼ਰ ਹਾਂ।

ਇਸ ਮੌਕੇ ਬੋਲਦਿਆਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾਃ ਤੇਜਿੰਦਰ ਕੌਰ ਨੇ ਕਿਹਾ ਕਿ ਇਸ ਕਹਾਣੀ ਪੁਸਤਕ ਬਾਰੇ ਨੇੜ ਭਵਿੱਖ ਵਿੱਚ ਵਿਚਾਰ ਗੋਸ਼ਟੀ ਵੀ ਕਰਵਾਈ ਜਾ ਰਹੀ ਹੈ।

ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾਃ ਭੁਪਿੰਦਰ ਸਿੰਘ,ਡਾਃ ਗੁਰਪ੍ਰੀਤ ਸਿੰਘ, ਪ੍ਰੋਃ ਸ਼ਰਨਜੀਤ ਕੌਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਤੇ ਤ੍ਰੈਲੋਚਨ ਲੋਚੀ ਵੀ ਹਾਜ਼ਰ ਸਨ।

Spread the love