ਕਿਸੇ ਵੀ ਥਾਂ ’ਤੇ ਸਾਫ਼ ਅਤੇ ਗੰਦਾ ਪਾਣੀ ਖੜਾ ਨਾ ਹੋਣ ਦਿਤਾ ਜਾਵੇ : ਡਾ. ਆਦਰਸ਼ਪਾਲ ਕੌਰ
ਐਸ.ਏ.ਐਸ. ਨਗਰ , 9 ਸਤੰਬਰ 2021 ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ ਅਤੇ ਡਾ. ਹਰਮਨਦੀਪ ਕੌਰ ਨੇ ਸਾਂਝੇ ਬਿਆਨ ਰਾਹੀਂ ਡੇਂਗੂ ਬੁਖ਼ਾਰ ਅਤੇ ਪਾਣੀ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਅ ਲਈ ਜ਼ਿਲ੍ਹਾ ਵਾਸੀਆਂ ਨੂੰ ਵਧੇਰੇ ਸਾਵਧਾਨੀ ਅਤੇ ਚੌਕਸੀ ਵਰਤਣ ਦੀ ਸਲਾਹ ਦਿਤੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲੇ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਪੈਦਾ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਜੁਲਾਈ ਤੋਂ ਲੈ ਕੇ ਨਵੰਬਰ ਅਖ਼ੀਰ ਤਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਇਲਾਜਯੋਗ ਬੀਮਾਰੀ ਹੈ ਅਤੇ ਡੇਂਗੂ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਨਾਲ ਹੀ ਉਨ੍ਹਾਂ ਮੀਂਹ ਦੇ ਮੌਸਮ ਦੌਰਾਨ ਅਤੇ ਗੰਦਾ ਪਾਣੀ ਪੀਣ ਕਾਰਨ ਅਕਸਰ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਡਾਇਰੀਆ, ਹੈਜ਼ਾ, ਟਾਈਫ਼ਾਈਡ, ਹੈਪੇਟਾਈਟਸ ਏ ਅਤੇ ਈ ਆਦਿ ਤੋਂ ਬਚਾਅ ਲਈ ਵੀ ਲੋਕਾਂ ਨੂੰ ਚੌਕਸ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਵੇਲੇ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਕਾਫ਼ੀ ਕੇਸ ਸਾਹਮਣੇ ਆ ਰਹੇ ਹਨ ਜਿਸ ਕਾਰਨ ਇਨ੍ਹਾਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਅਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਤਾਂ ਇਹ ਮੱਛਰ ਪੈਦਾ ਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਆਮ ਤੌਰ ’ਤੇ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਇਸ ਲਈ ਅਜਿਹੇ ਕਪੜੇ ਪਾਏ ਜਾਣ ਜਿਨ੍ਹਾਂ ਨਾਲ ਪੂਰਾ ਸਰੀਰ ਖ਼ਾਸਕਰ ਬਾਹਾਂ ਅਤੇ ਲੱਤਾਂ ਢਕੀਆਂ ਰਹਿਣ।
ਸਿਹਤ ਅਧਿਕਾਰੀਆਂ ਨੇ ਸਲਾਹ ਦਿਤੀ ਕਿ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਫ਼ਰਿੱਜਾਂ ਦੀਆਂ ਟਰੇਆਂ, ਕੂਲਰਾਂ ਆਦਿ ਨੂੰ ਖ਼ਾਲੀ ਕਰ ਕੇ ਸੁਕਾਇਆ ਜਾਵੇ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿਉ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰਖਿਆ ਜਾਵੇ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਕਿਸੇ ਵੀ ਜਗ੍ਹਾ ਸਾਫ਼ ਜਾਂ ਗੰਦਾ ਪਾਣੀ ਖੜਾ ਨਾ ਹੋਣ ਦਿਤਾ ਜਾਵੇ। ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਵਿਚ ਕਈ ਕਈ ਦਿਨ ਪੁਰਾਣਾ ਪਾਣੀ ਖੜਾ ਨਾ ਹੋਵੇ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਹਰ ਵਾਇਰਲ ਬੁਖ਼ਾਰ ਨੂੰ ਡੇਂਗੂ ਨਾ ਸਮਝਿਆ ਜਾਵੇ ਕਿਉਂਕਿ ਪਲੇਟਲੈਟਸ ਆਮ ਤੌਰ ’ਤੇ ਬਹੁਤੇ ਵਾਇਰਲ ਬੁਖ਼ਾਰਾਂ ਦੌਰਾਨ ਘੱਟ ਜਾਂਦੇ ਹਨ। ਸੈੱਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ। ਡੇਂਗੂ ਬੁਖ਼ਾਰ ਹੋਣ ਮਗਰੋਂ ਕੁੱਝ ਲੋਕ ਇਲਾਜ ਦੇ ਗ਼ਲਤ ਅਤੇ ਗ਼ੈਰ-ਡਾਕਟਰੀ ਤਰੀਕੇ ਵਰਤਣ ਲੱਗੇ ਜਾਂਦੇ ਹਨ ਜਿਸ ਕਾਰਨ ਇਹ ਬੁਖ਼ਾਰ ਘਟਣ ਦੀ ਬਜਾਏ ਵੱਧ ਜਾਂਦਾ ਹੈ ਅਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਉਨ੍ਹ੍ਹਾਂ ਦਸਿਆ ਕਿ ਡੇਂਗੂ ਬੁਖ਼ਾਰ ਦੇ ਇਲਾਜ ਹਿੱਤ ਸੈੱਲ ਵਧਾਉਣ ਵਾਸਤੇ ਬੱਕਰੀ ਦਾ ਦੁੱਧ ਪੀਣਾ, ਕੀਵੀ ਅਤੇ ਪਪੀਤੇ ਜਿਹੇ ਫੱਲ ਖਾਣਾ ਕਿਸੇ ਵੀ ਤਰ੍ਹਾਂ ਅਸਰਦਾਰ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਡਾਕਟਰੀ ਨਿਗਰਾਨੀ ਹੇਠ ਆਰਾਮ ਅਤੇ ਆਮ ਸ਼ੁੱਧ ਪਾਣੀ, ਲੱਸੀ, ਜੂਸ ਆਦਿ ਪੀਣਾ ਕਾਰਗਰ ਹੁੰਦਾ ਹੈ।
ਪਾਣੀ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਅ
ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਫ਼ਿਲਟਰ ਕੀਤਾ ਪਾਣੀ ਜਾਂ ਉਬਾਲ ਕੇ ਪੀਤਾ ਜਾਵੇ। ਸਾਫ਼ ਭਾਂਡੇ ਵਿਚ ਪਾਣੀ ਰਖਿਆ ਜਾਵੇ। ਪਾਣੀ ਰੱਖਣ ਵਾਲੇ ਭਾਂਡਿਆਂ ਨੂੰ ਲਗਾਤਾਰ ਧੋਇਆ ਜਾਵੇ। ਖਾਣਾ ਬਣਾਉਣ ਅਤੇ ਖਾਣ ਤੋਂ ਪਹਿਲਾਂ ਹੱਥ ਧੋਤੇ ਜਾਣ।
ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ।
ਫ਼ੋਟੋ : ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ।