ਫਾਜਿਲ਼ਕਾ, 8 ਅਗਸਤ ;-
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹੇ ਵਿਚ ਦੁਧਾਰੂ ਜਾਨਵਰਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਉਪਰਾਲੇ ਤੇਜ਼ ਹੋ ਗਏ ਹਨ। ਵਿਭਾਗ ਵੱਲੋਂ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਐਡਵਾਇਜਰੀ ਅਨੁਸਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰਾਜੀਵ ਛਾਬੜਾ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਦੀ ਅਗਵਾਈ ਵਿਚ ਵਿਭਾਗ ਦੇ ਫੀਡਲ ਸਟਾਫ ਨੇ ਲੰਪੀ ਸਕਿਨ ਬਿਮਾਰੀ ਖਿਲਾਫ ਮੋਰਚਾ ਸੰਭਾਲ ਲਿਆ ਹੈ।
ਡਿਪਟੀ ਡਾਇਰੈਕਟਰ ਸ੍ਰੀ ਰਾਜੀਵ ਛਾਬੜਾ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਹੁਣ ਤੱਕ 1150 ਜਾਨਵਰ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਵਿਭਾਗੀ ਪ੍ਰੋਟੋਕਾਲ ਅਨੁਸਾਰ ਇੰਨ੍ਹਾਂ ਵਿਚੋਂ ਹੁਣ ਤੱਕ 1053 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ ਜਿੰਨ੍ਹਾਂ ਵਿਚੋਂ 910 ਜਾਨਵਰ ਠੀਕ ਹੋ ਚੁੱਕੇ ਹਨ। ਇਸ ਸਬੰਧੀ ਜਿ਼ਲ੍ਹੇ ਵਿਚ 11 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦ ਕਿ ਸਾਰੇ ਵੈਟਰਨਰੀ ਅਫਸਰ ਅਤੇ ਵੈਟਰਨਰੀ ਇੰਸਪੈਕਟਰ ਆਪੋ ਆਪਣੇ ਖੇਤਰਾਂ ਵਿਚ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਜਿ਼ਲ੍ਹੇ ਵਿਚ ਜਾਨਵਰਾਂ ਲਈ ਵੈਕਸੀਨ ਵੀ ਭੇਜੀ ਗਈ ਹੈ ਅਤੇ ਅੱਚ ਜਿ਼ਲ੍ਹੇ ਵਿਚ1320 ਖੁਰਾਕਾਂ ਗੋਟ ਪੋਕਸ ਵੈਕਸੀਨ ਲਗਾਈ ਗਈ ਹੈ। ਜਿ਼ਲ੍ਹੇ ਵਿਚ ਵੈਕਸੀਨ ਲਗਾਉਣ ਦਾ ਕੰਮ ਅੱਗੇ ਵੀ ਜਾਰੀ ਰਹੇਗਾ। ਦੂਜ਼ੇ ਪਾਸੇ ਵਿਭਾਗ ਵੱਲੋਂ ਸਰਕਾਰੀ ਕੈਟਲ ਪੌਂਡ ਵਿਖੇ ਵੀ ਗਾਂਵਾਂ ਦੇ ਚੈਕਅੱਪ ਲਈ ਕੈਂਪ ਲਗਾਇਆ ਗਿਆ। ਇੱਥੇ ਡਾ: ਰਿਸਵ ਜਜੌਰੀਆ ਅਤੇ ਸਾਹਿਲ ਸੇਤੀਆ ਨੇ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਅਫਵਾਹਾਂ ਫੈਲਾਉਣ ਤੋਂ ਵਰਜਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਇਸ ਬਿਮਾਰੀ ਤੋਂ ਪੀੜਤ ਜਾਨਵਰ ਹੋਣ ਤਾਂ ਤੁਰੰਤ ਇਸਦੀ ਸੂਚਨਾ ਨੇੜੇ ਦੇ ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਵਿਚ ਦਿੱਤੀ ਜਾਵੇ।
ਲੱਛਣ
ਇਹ ਵਾਇਰਸ ਨਾਲ ਹੋਣ ਵਾਲਾ ਰੋਗ ਹੈ ਜ਼ੋ ਕਿ ਮੱਛਰ, ਮੱਖੀ ਅਤੇ ਚਿੱਚੜਾਂ ਰਾਹੀਂ ਇਕ ਜਾਨਵਾਰ ਤੋਂ ਅੱਗੇ ਫੈਲਦਾ ਹੈ।ਇਸ ਬਿਮਾਰੀ ਨਾਲ ਜਾਨਵਰਾਂ ਦੀ ਚਮੜੀ ਤੇ ਗੰਢਾਂ ਹੋ ਜਾਂਦੀਆਂ ਹਨ, ਤੇਜ਼ ਬੁਖਾਰ ਹੁੰਦਾ ਹੈ, ਪੈਰਾਂ ਵਿਚ ਸੋਜ਼ ਆ ਜਾਂਦੀ ਹੈ।ਦੁੱਧ ਘੱਟ ਜਾਂਦਾ ਹੈ ਅਤੇ ਪਸ਼ੂ ਖਾਣਾ ਪੀਣਾ ਘੱਟ ਕਰ ਦਿੰਦਾ ਹੈ।
ਸਾਵਧਾਨੀਆਂ
ਪਸ਼ੂਆਂ ਦੇ ਢਾਰੇ ਵਿਚ ਸਾਫ ਸਫਾਈ ਰੱਖੋ, ਮੱਖੀ, ਮੱਛਰ, ਚਿੱਚੜ ਦੀ ਰੋਕਥਾਮ ਦੇ ਉਪਾਅ ਕਰੋ, ਬਿਮਾਰ ਜਾਨਵਰ ਨੂੰ ਸਿਹਤਮੰਦ ਜਾਨਵਰ ਤੋਂ ਅਲਗ ਰੱਖੋ, ਜਾਨਵਰਾਂ ਦੀ ਆਵਾਜਾਈ ਨਾ ਕਰੋ, ਢਾਰਿਆਂ ਵਿਚ ਚੂਨੇ ਦੇ ਪਾਣੀ ਦਾ ਛਿੜਕਾਅ ਕਰੋ, ਸਾਂਭ ਸੰਭਾਲ ਕਰਨ ਵਾਲੇ ਬਿਮਾਰੀ ਜਾਨਵਰ ਤੋਂ ਬਿਨ੍ਹਾਂ ਹੱਥ ਧੋਤੇ ਸਿਹਤਮੰਦ ਜਾਨਵਰ ਵੱਲ ਨਾ ਜਾਇਆ ਜਾਵੇ।ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕਰਕੇ ਜਾਨਵਰ ਦਾ ਇਲਾਜ ਕਰਵਾਓ।ਮਰੇ ਜਾਨਵਰਾਂ ਨੂੰ ਖੁੱਲੇ ਵਿਚ ਨਾ ਸੁੱਟਿਆਂ ਜਾਵੇ ਅਤੇ ਦਫਨਾ ਦਿੱਤਾ ਜਾਵੇ।