ਫਾਜ਼ਿਲਕਾ 4 ਜੂਨ 2021
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਲੇ ਬਹੁ-ਵਿਸ਼ੇਸ਼ਤਾ ਵੈਟਨਰੀ ਹਸਪਤਾਲ ਅਤੇ ਖੇਤਰੀ ਖੋਚ ਤੇ ਸਿਖਲਾਈ ਕੇਂਦਰ, ਸੱਪਾਂਵਾਲੀ ਦੀ ਉਸਾਰੀ ਸਬੰਧੀ ਭੂਮੀ ਪੂਜਨ ਵਿਧੀ ਵਿੱਚ ਹਿੱਸਾ ਲਿਆ। ਵੈਟਨਰੀ ਯੂਨੀਵਰਸਿਟੀ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਅਜਿਹੇ ਬਹੁ-ਵਿਸ਼ੇਸ਼ਤਾ ਹਸਪਤਾਲ ਸਥਾਪਿਤ ਕਰ ਰਹੀ ਹੈ ਤਾਂ ਜੋ ਪਸ਼ੂ ਪਾਲਣ ਸਬੰਧੀ ਸੇਵਾਵਾਂ ਨੂੰ ਸਾਰੇ ਕਿਸਾਨਾਂ ਤੱਕ ਉਪਲਬੱਧ ਕੀਤਾ ਜਾ ਸਕੇ।ਇਸੇ ਯਤਨ ਵਿੱਚ ਪਿੰਡ ਸੱਪਾਂਵਾਲੀ, ਜ਼ਿਲਾ ਅਬੋਹਰ ਵਿਖੇ ਇਸ ਹਸਪਤਾਲ ਦੀ ਉਸਾਰੀ ਆਰੰਭ ਕੀਤੀ ਗਈ ਹੈ। ਇਸ ਮੌਕੇ ਡਾ. ਇੰਦਰਜੀਤ ਸਿੰਘ ਨਾਲ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ, ਯੂਨੀਵਰਸਿਟੀ ਦੇ ਅਧਿਕਾਰੀ, ਪੰਚਾਇਤ ਮੈਂਬਰ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਅਧਿਕਾਰੀ ਵੀ ਸ਼ਾਮਿਲ ਹੋਏ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਇਸ ਸਰਹੱਦੀ ਖੇਤਰ ਨੂੰ ਬਹੁਤ ਉਨੱਤ ਪਸ਼ੂ ਇਲਾਜ ਸਹੂਲਤਾਂ ਅਤੇ ਸੇਵਾਵਾਂ ਮਿਲਣਗੀਆਂ। ਉਨਾਂ ਕਿਹਾ ਕਿ ਇਸ ਕੇਂਦਰ ਵਿਖੇ ਇਸ ਖੇਤਰ ਦੀਆਂ ਲੋੜਾਂ ਸਬੰਧੀ ਖੋਜ਼ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦਾ ਆਰਥਿਕ ਪੱਧਰ ਵੀ ਉਪਰ ਚੁੱਕਿਆ ਜਾ ਸਕੇ।
ਡਾ. ਸੱਤਿਆਵਾਨ ਨੇ ਇਸ ਲੋਕ ਹਿਤ ਦੇ ਕਾਰਜ ਵਾਸਤੇ ਪੰਜਾਬ ਦਾ ਧੰਨਵਾਦ ਕੀਤਾ ਅਤੇ ਪਿੰਡ ਸੱਪਾਂਵਾਲੀ ਅਤੇ ਗਿੱਦੜਾਂਵਾਲੀ ਦੀ ਪੰਚਾਇਤ ਦੀ ਸ਼ਲਾਘਾ ਕੀਤੀ ਜਿਨਾਂ ਨੇ ਇਹ ਕੇਂਦਰ ਸਥਾਪਿਤ ਕਰਨ ਲਈ ਯੂਨੀਵਰਸਿਟੀ ਨੂੰ ਜਮੀਨ ਦਿੱਤੀ ਹੈ। 62 ਕਰੋੜ ਤੋਂ ਵੱਧ ਰਕਮ ਨਾਲ ਸਥਾਪਿਤ ਹੋਣ ਵਾਲੇ ਇਸ ਹਸਪਤਾਲ ਅਤੇ ਕੇਂਦਰ ਵਿਚ ਹਸਪਤਾਵੀ ਸੇਵਾਵਾਂ ਤੋਂ ਇਲਾਵਾ, ਡੇਅਰੀ, ਸੂਰ, ਬੱਕਰੀ ਅਤੇ ਮੱਛੀ ਫਾਰਮ ਵੀ ਸਥਾਪਿਤ ਹੋਣਗੇ ਜਿਥੇ ਕਿਸਾਨਾਂ ਨੂੰ ਪੂਰਣ ਸਿਖਲਾਈ ਵੀ ਦਿੱਤੀ ਜਾਵੇਗੀ।
ਡਾ. ਪ੍ਰਹਿਲਾਦ ਸਿੰਘ ਜ਼ੋ ਕਿ ਇਸ ਕੇਂਦਰ ਦੇ ਨੋਡਲ ਅਫਸਰ ਹਨ ਨੇ ਦੱਸਿਆ ਕਿ ਕੇਂਦਰ ਵਿਖੇ ਆਧੁਨਿਕ ਤਕਨੀਕਾਂ ਨਾਲ ਇਲਾਜ ਅਤੇ ਕਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਲੀਵਰਸਿਟੀ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਖੇ ਤਿਆਰ ਕੀਤੀਆਾਂ ਤਕਨਾਲੋਜੀਆਂ ਇਸ ਕੇਂਦਰ ਦੇ ਮਾਧਿਅਮ ਰਾਹੀਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਕੇਂਦਰ ਇਸ ਇਲਾਕੇ ਦੇ ਲੋਕਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ ਅਤੇ ਯੂਲੀਵਰਸਿਟੀ ਦੀਆਂ ਸੇਵਾਵਾਂ ਅਤੇ ਗਿਆਨ ਦਾ ਕੇਂਦਰ ਬਣੇਗਾ।