ਨਵਾਂਸ਼ਹਿਰ, 12 ਨਵੰਬਰ :
ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ’ਤੇ ਸਹਾਇਕ ਜ਼ਿਲਾ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ ਵੱਲੋਂ ਜ਼ਿਲਾ ਪੱਧਰ ’ਤੇ ਨਿਯੁਕਤ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨਾਂ ਸਮੂਹ ਸਵੀਪ ਨੋਡਲ ਅਫ਼ਸਰਾਂ ਨੂੰ ਵਿਧਾਨ ਸਭਾ ਚੋਣਾਂ-2022 ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ।
ਉਨਾਂ ਸਵੀਪ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਆਪਣੇ ਅਧੀਨ ਆਉਂਦੇ ਮੈਂਬਰਾਂ ਦੀ ਸਹਾਇਤਾ ਨਾਲ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਲੋਕਾਂ ਨੂੰ ਵੋਟ ਦੇ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟ ਬਣਵਾਉਣ ਅਤੇ ਇਸ ਦੇ ਸਹੀ ਇਸਤੇਮਾਲ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੌਰਾਨ ਸਮੂਹ ਨੋਡਲ ਅਫ਼ਸਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਮਿਹਨਤ ਤੇ ਲਗਨ ਨਾਲ ਇਸ ਕੰਮ ਨੂੰ ਅੰਜਾਮ ਦੇਣਗੇ। ਇਸ ਮੌਕੇ ਚੋਣ ਕਾਨੂੰਗੋ ਪਲਵਿੰਦਰ ਸਿੰਘ ਤੇ ਦਲਜੀਤ ਸਿੰਘ ਤੋਂ ਇਲਾਵਾ ਸਵੀਪ ਨੋਡਲ ਅਫ਼ਸਰ ਜਸਪਾਲ ਸਿੰਘ ਗਿੱਧਾ, ਕਸ਼ਮੀਰ ਸਿੰਘ ਸਨਾਵਾ, ਪ੍ਰੀਤੀ ਮਹੰਤ ਅਤੇ ਹੋਰ ਹਾਜ਼ਰ ਸਨ।