ਪਿੰਡ ਮਹਾਤਮ ਨਗਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਇਆ ਕੈਂਪ

ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ
ਪਿੰਡ ਮਹਾਤਮ ਨਗਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਇਆ ਕੈਂਪ

ਫਾਜ਼ਿਲਕਾ, 24 ਨਵੰਬਰ 2021

ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦਾ ਲਾਹਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰ `ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਵੱਖ-ਵੱਖ ਸਕੀਮਾਂ ਦਾ ਲਾਹਾ ਲੋਕਾਂ ਤੱਕ ਪਹੰੁਚਾਉਣ ਲਈ ਇਕ ਛੱਤ ਹੇਠ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜ਼ੋ ਲੋਕਾਂ ਨੂੰ ਖਜਲ ਖੁਆਰ ਨਾ ਹੋਣਾ ਪਵੇ ਅਤੇ ਇਕੋ ਥਾਂ ਹੀ ਵੱਖ-ਵੱਖ ਸਕੀਮਾਂ ਤਹਿਤ ਲਾਭ ਦਿੱਤਾ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਐਮ.ਪੀ. ਸ. ਸ਼ੇਰ ਸਿੰਘ ਘੁਬਾਇਆ ਨੇ ਫਾਜ਼ਿਲਕਾ ਦੇ ਪਿੰਡ ਮਹਾਤਮ ਨਗਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਗਏ ਕੈਂਪ ਦੌਰਾਨ ਕੀਤਾ।

ਹੋਰ ਪੜ੍ਹੋ :-ਮੱਛੀ ਪਾਲਣ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਔਰਤਾਂ ਵਾਸਤੇ 60 ਫੀਸਦ ਸਬਸਿਡੀ ਦਿੱਤੀ ਜਾ ਰਹੀ:  ਡਾ. ਮਦਨ ਮੋਹਨ  

ਸ. ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ `ਤੇ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਅਨੇਕਾ ਵਿਕਾਸ ਕਾਰਜਾਂ ਦੇ ਜਿਥੇ ਨੀਂਹ ਪੱਥਰ ਰਖੇ ਜਾ ਰਹੇ ਹਨ ਉਥੇ ਮੁਕੰਮਲ ਹੋ ਚੁੱਕੇ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਢਿਲ ਮੱਠ ਨਹੀਂ ਵਰਤੀ ਜਾ ਰਹੀ ਅਤੇ ਲੋਕਾਂ ਤੱਕ ਸੁਖਾਵੇਂ ਮਾਹੌਲ `ਚ ਸੁਵਿਧਾਵਾਂ ਦੇਣ ਲਈ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਹਿਤਾਂ ਨੂੰ ਵੇਖਦੇ ਹੋਏ ਪਾਣੀ/ਸੀਵਰੇਜ਼ ਦੇ ਬਿਲਾਂ `ਚ ਕਟੌਤੀ ਵੀ ਕੀਤੀ ਜਾ ਰਹੀ ਹੈ ਉਥੇ ਬਿਜਲੀ ਦੇ ਬਿਲਾਂ ਦੇ ਬਕਾਏ ਵੀ ਮੁਆਫ ਕੀਤੇ ਗਏ ਹਨ।

ਕੈਂਪ ਦੌਰਾਨ ਪਹੰੁਚੇ ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਲੋਕਾਂ ਨੂੰ ਸਕੀਮਾਂ ਤੇ ਯੋਜਨਾਵਾ ਦਾ ਲਾਹਾ ਦੇਣ ਲਈ ਫਾਰਮ ਭਰੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਲਗਾਏ ਕੈਂਪ ਦੌਰਾਨ ਜ਼ੋ ਸਕੀਮਾਂ ਦਾ ਮੌਕੇ `ਤੇ ਲਾਹਾ ਦਿੱਤਾ ਜਾ ਸਕਦਾ ਸੀ ਉਹ ਲੋਕਾਂ ਨੂੰ ਤੁਰੰਤ ਲਾਭ ਦਿੱਤਾ ਗਿਆ ਤੇ ਬਾਕੀ ਦਰਖਾਸਤਾਂ ਦੀ ਪੜਤਾਲ ਕਰਕੇ ਉਨ੍ਹਾਂ ਨੂੰ ਬਣਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪੈਨਸ਼ਨ ਸਕੀਮ, ਸ਼ਗਨ ਸਕੀਮ, ਰਾਸ਼ਨ ਕਾਰਡ, ਮਗਨਰੇਗਾ ਜ਼ੋਬ ਕਾਰਡ, ਸਿਹਤ ਵਿਭਾਗ ਦੀਆਂ ਸਕੀਮਾਂ, ਸਵੈ ਰੋਜ਼ਗਾਰ, ਕਿਰਤ ਵਿਭਾਗ, ਬਿਜਲੀ ਬੋਰਡ ਆਦਿ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਕੀਮਾਂ ਤਹਿਤ ਲੋੜਵੰਦਾ ਦੇ ਫਾਰਮ ਭਰੇ ਗਏ ਹਨ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸਰਪੰਚ ਬਲਵੰਤ ਸਿੰਘ, ਸਰਾਜ ਸਿੰਘ, ਬੀ.ਡੀ.ਓ ਲਖਬੀਰ ਸਿੰਘ ਬੁੱਟਰ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਮੌਜੂਦ ਰਹੇ।

Spread the love