100 ਫੀਸਦੀ ਟੀਕਾਕਰਨ ਵਾਲੇ ਹਰੇਕ ਪਿੰਡ ਨੂੰ ਮਿਲੇਗੀ 10 ਲੱਖ ਦੀ ਵਿਸ਼ੇਸ਼ ਗ੍ਰਾਂਟ: ਮੁੱਖ ਮੰਤਰੀ

*ਪੰਜਾਬ ਸਰਕਾਰ ਵੱਲੋਂ ‘ਕਰੋਨਾ ਮੁਕਤ ਪਿੰਡ ਅਭਿਆਨਦਾ ਆਗਾਜ਼

ਬਰਨਾਲਾ, 18 ਮਈ

           ਕਰੋਨਾ ਵਾਇਰਸ ਦੇ ਟਾਕਰੇ ਲਈ ਹੁਣ ਸੂਬੇ ਦੇ ਪਿੰਡ ਅਹਿਮ ਭੂਮਿਕਾ ਨਿਭਾਉਣਗੇ, ਜਿਸ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਸਰਕਾਰ ਨੂੰ ਸਹਿਯੋਗ ਦੇਣ ਲਈ ਸਿਹਤ ਵਿਭਾਗ ਦੀਆਂ ਸੇਵਾਵਾਂ ਦੇ ਬਿਹਤਰ ਅਮਲ ਵਿਚ ਯੋਗਦਾਨ ਪਾਉਣਗੀਆਂ। ਇਸ ਉਦੇਸ਼ ਅਧੀਨ ਕੋਵਿਡ ਲੱਛਣਾਂ ਵਾਲਿਆਂ ਦੀ ਟੈਸਟਿੰਗ ਅਤੇ ਘਰਾਂ ਵਿਚ ਇਕਾਂਤਵਾਸ ਮਰੀਜ਼ਾਂ ਦੇ ਬਿਹਤਰ ਇਲਾਜ ਉਤੇ ਜ਼ੋਰ ਦਿੱਤਾ ਜਾਵੇਗਾ।

            ਅੱਜ ਸੂਬੇ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਆਨਲਾਈਨ ਪਲੈਟਫਾਰਮ ਰਾਹੀਂ ਰੂ-ਬ-ਰੂ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਕਰੋਨਾ ਮੁਕਤ ਪਿੰਡ ਅਭਿਆਨ’ ਦਾ ਆਗਾਜ਼ ਕੀਤਾ, ਜਿਸ ਦਾ ਮਕਸਦ ਪਿੰਡਾਂ ਵਿਚ ਕਰੋਨਾ ਵਾਇਰਸ ਦਾ ਮਜ਼ਬੂਤੀ ਨਾਲ ਟਾਕਰਾ ਕਰਨਾ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਦੀ ਸ਼ਮੂਲੀਅਤ ਵਧਾਉਣਾ ਹੈ। ਇਸ ਮੌਕੇ ਉਨਾਂ ਯੋਗ ਲੋਕਾਂ ਦਾ 100 ਫੀਸਦੀ ਟੀਕਾਕਰਨ ਟੀਚਾ ਪ੍ਰਾਪਤ ਕਰਨ ਵਾਲੇ ਪਿੰਡਾਂ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਤਾਜ਼ਾ ਰੁਝਾਨਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਮੁਢਲੇ ਪੜਾਅ ਦੀ ਬਜਾਏ ਸਿਹਤ ਸਥਿਤੀ ਗੰਭੀਰ ਹੋਣ ’ਤੇ ਹਸਪਤਾਲ ਪਹੁੰਚਦੇ ਹਨ ਤੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਉਨਾਂ ਸੂਬੇ ਦੇ ਲੋਕਾਂ ਨੂੰ ਕਰੋਨਾ ਤੋਂ ਮੁਕਤੀ ਲਈ ਮੁਢਲੇ ਸਮੇਂ ਦੌਰਾਨ ਹੀ ਟੈਸਟ ਕਰਵਾਉਣ ਦੀ ਅਪੀਲ ਕੀਤੀ।

             ਇਸ ਮੌਕੇ ਜ਼ਿਲਾ ਸਦਮ ਮੁਕਾਮ ਤੋਂ ਆਨਲਾਈਨ ਵੀਡੀਓ ਕਾਨਫਰੰਸ ਵਿਚ ਸ਼ਾਮਲ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਹ ਆਨਲਾਈਨ ਪ੍ਰੋਗਰਾਮ ਜ਼ਿਲੇ ਦੀਆਂ 80 ਥਾਵਾਂ ’ਤੇ ਚਲਾਇਆ ਗਿਆ ਹੈ ਤਾਂ ਜੋ ਜ਼ਿਲੇ ਦੇ ਪਿੰਡਾਂ ਦੇ ਲੋਕਾਂ ਤੱਕ  ‘ਕਰੋਨਾ ਮੁਕਤ ਪਿੰਡ ਅਭਿਆਨ ਦਾ ਸੁਨੇਹਾ ਪੁੱਜ ਸਕੇ।

ਇਸ ਮੌਕੇ ਪਿੰਡ ਪੱਖੋਂਕੇ ਦੇ ਸਰਪੰਚ ਹਰਜਿੰਦਰ ਸਿੰਘ ਨੇ ਆਖਿਆ ਕਿ ਟੀਕਾਕਰਨ ਮੁਹਿੰਮ ਤਹਿਤ ਉਨਾਂ ਦੇ ਪਿੰਡ ਦੇ 550 ਵਾਸੀ ਵੈਕਸੀਨ ਲਗਵਾ ਚੁੱਕੇ ਹਨ।  ਉਨਾਂ ਕਿਹਾ ਕਿ ਪਿੰਡ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪਿੰਡ ਕੁਰੜ ਦੀ ਸਰਪੰਚ ਮਨਜੀਤ ਕੌਰ ਨੇ ਆਖਿਆ ਕਿ ਪਿੰਡ ਵਾਸੀ ਅੱਗੇ ਆ ਕੇ ਕਰੋਨਾ ਵਿਰੁੱਧ ਸੈਂਪਲਿੰਗ ਅਤੇ ਟੀਕਾਕਰਨ ਕਰਵਾ ਰਹੇ ਹਨ। ਇਸ ਮੌਕੇ ਪਿੰਡ ਬਡਬਰ ਦੀ ਸਰਪੰਚ ਕੁਲਦੀਪ ਕੌਰ ਨੇ ਲੋਕਾਂ ਨੂੰ ਕਰੋਨਾ ਇਹਤਿਆਤਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਕਰੋਨਾ ਵਿਰੁੱਧ ਮਿਸ਼ਨ ਫਤਹਿ ਕੀਤਾ ਜਾ ਸਕੇ।

Spread the love