ਜ਼ਿਲ੍ਹੇ ਅੰਦਰ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ ਟੀਮਾਂ ਦੀ ਗਿਣਤੀ 10 ਗੁਣਾਂ ਵਧਾਈ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

ਵਿਧਾਨ ਸਭਾ ਚੋਣਾਂ ਵਿਚ ਨਜਾਇਜ਼ ਸ਼ਰਾਬ, ਪੈਸੇ ਵੰਡਣ ਜਾਂ ਨਜਾਇਜ਼ ਕੰਮ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਹੋਰ ਸਖ਼ਤ

ਗੁਰਦਾਸਪੁਰ, 14 ਫਰਵਰੀ 2022

ਜ਼ਿਲ੍ਹਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ, ਇਸ ਲਈ ਅੱਜ ਤੋਂ ਹੀ ਟੀਮਾਂ ਦੀ ਗਿਣਤੀ 10 ਗੁਣਾ ਵਧਾਈ ਗਈ ਹੈ। ਉਨਾਂ ਦੱਸਿਆ ਕਿ ਇਹ ਟੀਮਾਂ, ਜ਼ਿਲੇ ਦੇ ਵੱਖ-ਵੱਖ ਸਟੇਸ਼ਨਾਂ ’ਤੇ ਰਹਿ ਕੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਕੋਈ ਵੀ ਸੂਚਨਾ ਜਿਵੇਂ ਨਾਜ਼ਾਇਜ਼ ਸ਼ਰਾਬ, ਪੈਸੇ ਵੰਡਣ ਜਾਂ ਨਾਜ਼ਾਇਜ਼ ਕੰਮ ਕਰਨ ਦੀ ਸ਼ਿਕਾਇਤ ਮਿਲਣ ’ਤੇ ਇਹ ਟੀਮਾਂ ਤੁਰੰਤ ਮੋਕੇ ’ਤੇ ਪਹੁੰਚ ਕੇ ਕਾਰਵਾਈ ਕਰਨਗੀਆਂ।

ਹੋਰ ਪੜ੍ਹੋ :- ਵਿਧਾਨ ਸਭਾ ਚੋਣਾਂ-2022 ਸਬੰਧੀ ਮਿਲੀਆਂ 376 ਸ਼ਿਕਾਇਤਾਂ ਵਿਚੋਂ 350 ਦਾ ਨਿਪਟਾਰਾ

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ,  ਚੋਣਾਂ ਬਿਨਾਂ ਕਿਸੇ ਡਰ ਤੇ ਲਾਲਚ ਅਤੇ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਜਿਲਾ ਪ੍ਰਸ਼ਾਸਨ ਵਚਨਬੱਧ ਹੈ।

ਉਨਾਂ ਅੱਗੇ ਕਿਹਾ ਕਿ ਇਹ ਨਵੀਆਂ ਟੀਮਾਂ, ਪਹਿਲਾਂ ਚੱਲ ਰਹੀਆਂ ਟੀਮਾਂ ਤੋਂ ਵੱਖਰੀਆਂ ਹਨ ਅਤੇ ਇਨਾਂ ਦੇ ਗਠਨ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਜਦ ਵੀ ਚੋਣ ਜ਼ਾਬਤੇ ਦੀ ਸ਼ਿਕਾਇਤ ਮਿਲੇ ਤਾਂ ਉਹ ਤੁਰੰਤ ਆਪਣੇ ਖੇਤਰ ਵਿਚਲੇ ਘਟਨਾ ਵਾਲੇ ਸਥਾਨ ’ਤੇ ਪੁਹੰਚ ਕੇ ਕਾਰਵਾਈ ਕਰ ਸਕਣ।

ਜ਼ਿਲ੍ਹਾ ਚੋਣ ਅਫਸਰ ਨੇ ਦੁਹਰਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਰਾਂ ਮੁਸ਼ਤੈਦ ਹੈ ਅਤੇ ਚੋੋਣ ਜ਼ਾਬਤੇ ਨੂੰ ਹੋਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

Spread the love